ਰੈੱਡ ਕ੍ਰਾਸ ਸੋਸਾਇਟੀ ਦਾ ਉਪਰਾਲਾ, ਜ਼ਿਲ੍ਹਾ ਜੇਲ੍ਹ ਵਿਚ ਲਾਇਆ ਮੈਡੀਕਲ ਕੈਂਪ
ਜੇਲ੍ਹ ਬੰਦੀਆਂ ਦਾ ਕੀਤਾ ਚੈੱਕਅਪ, ਮੁਫ਼ਤ ਦਵਾਈਆਂ ਦਿੱਤੀਆਂ: ਡਿਪਟੀ ਕਮਿਸ਼ਨਰ

ਬਰਨਾਲਾ 13 ਜੂਨ ( ਸੂਤਰ )
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਜ਼ਿਲ੍ਹਾ ਜੇਲ੍ਹ ਬਰਨਾਲਾ ਵਿੱਚ ਲੋਕ ਸੇਵਾ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿਚ ਬੰਦੀਆਂ ਦੀ ਸਿਹਤ ਜਾਂਚ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਵਲੋਂ ਸਿਹਤ ਸੇਵਾਵਾਂ ਖਾਸ ਕਰਕੇ ਅੱਖਾਂ ਦੀ ਸਕਰੀਨਿੰਗ, ਜਨਰਲ ਸਿਹਤ ਜਾਂਚ, ਚਮੜੀ ਰੋਗਾਂ ਦੇ ਇਲਾਜ ਆਦਿ ਲਈ ਮੈਡੀਕਲ ਕੈਂਪ ਲਾਇਆ ਗਿਆ ਜਿਸ ਵਿਚ 200 ਤੋਂ ਵੱਧ ਬੰਦੀਆਂ/ ਕੈਦੀਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।

ਇਸ ਕੈਂਪ ਵਿਚ ਡਾ. ਰਾਜ ਕੁਮਾਰ ਸਰਜਨ, ਡਾ. ਕਰਨਦੀਪ, ਐਮ.ਡੀ. (ਮੈਡੀਸਨ), ਡਾ. ਕਕੁਲ ਬਾਜਵਾ ਚਮੜੀ ਰੋਗ ਮਾਹਿਰ ਨੇ ਸਿਹਤ ਜਾਂਚ ਕੀਤੀ।

ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਰਵਣ ਸਿੰਘ ਨੇ ਦੱਸਿਆ ਕਿ ਰੈੱਡ ਕ੍ਰਾਸ ਵਲੋਂ ਪਹਿਲਾ ਹਫ਼ਤਾਵਰੀ ਕੈਂਪ ਪਿੰਡ ਕਰਮਗੜ੍ਹ ਵਿਚ ਲਾਇਆ ਗਿਆ ਸੀ ਜਿਸ ਵਿਚ ਸੈਂਕੜੇ ਵਿਅਕਤੀਆਂ ਨੇ ਸਿਹਤ ਸੇਵਾਵਾਂ ਅਤੇ ਵਿਭਾਗੀ ਸੇਵਾਵਾਂ ਦਾ ਲਾਭ ਲਿਆ। ਅਗਲਾ ਕੈਂਪ ਪਿੰਡ ਕਾਲੇਕੇ, ਤੀਜਾ ਕੈਂਪ ਪਿੰਡ ਢਿੱਲਵਾਂ, ਚੌਥਾ ਕੈਂਪ ਪਿੰਡ ਕੱਟੂ ਅਤੇ ਜ਼ਿਲ੍ਹਾ ਜੇਲ੍ਹ ਵਿਚ ਲਾਇਆ ਗਿਆ ਤਾਂ ਜੋ ਲੋਕਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾ ਸਕਣ।




