Uncategorized

ਆਤਮਾ ਸਕੀਮ ਅਧੀਨ ‘ਖੇਤ ਬਚਾਓ ਅਭਿਆਨ ‘ ਤਹਿਤ ਪਿੰਡ ਮੌੜ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਸ੍ਰੀ ਮੁਕਤਸਰ ਸਾਹਿਬ 11 ਜੂਨ ( ਸੂਤਰ )


ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਹੀ ਹੇਠ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਮੌੜ ਵਿਖੇ ਆਤਮਾ ਸਕੀਮ ਅਧੀਨ ‘ਖੇਤ ਬਚਾਓ ਅਭਿਆਨ’ ਤਹਿਤ ਵਿਸ਼ੇਸ਼ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ l

ਡਾ. ਹਰਮਨਦੀਪ ਸਿੰਘ ਏ.ਡੀ.ਓ. ਸਰਕਲ ਬਧਾਈ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਖਰਚੇ ਘਟਾਉਣ ਲਈ ਮਿੱਟੀ ਅਤੇ ਪਾਣੀ ਦੀ ਪਰਖ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਮਿੱਟੀ ਦੀ ਪਰਖ ਨਾਲ ਖਾਦਾਂ ਦੀ ਸਹੀ ਮਿਕਦਾਰ ਦਾ ਪਤਾ ਲੱਗਦਾ ਹੈ, ਜਿਸ ਨਾਲ ਫਾਲਤੂ ਖਰਚਾ ਬਚਦਾ ਹੈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ। ਉਹਨਾਂ ਦੱਸਿਆ ਕਿ ਮਾੜੇ ਪਾਣੀ ਕਾਰਨ ਜ਼ਮੀਨ ਦੀ ਸਿਹਤ ਤੇ ਬੁਰਾ ਅਸਰ ਹੁੰਦਾ ਹੈ, ਇਸ ਲਈ ਟਿਊਬਵੈੱਲ ਦੇ ਪਾਣੀ ਦੀ ਟੈਸਟਿੰਗ ਕਰਵਾ ਕੇ ਹੀ ਫਸਲ ਦੀ ਚੋਣ ਕਰਨੀ ਚਾਹੀਦੀ ਹੈ l

ਉਹਨਾਂ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ, ਜਿਸਨੂੰ ਚਾਹਵਾਨ ਕਿਸਾਨ 50 ਪ੍ਰਤੀਸ਼ਤ ਸਬਸਿਡੀ ਤੇ ਵਿਭਾਗ ਪਾਸੋਂ ਪ੍ਰਾਪਤ ਕਰ ਸਕਦੇ ਹਨ I ਉਹਨਾਂ ਵੱਲੋਂ ਕਿਸਾਨਾਂ ਨੂੰ ਮਿੱਟੀ ਦੀ ਸਿਹਤ ਦੇ ਸੁਧਾਰ ਲਈ ਹਰੀ ਖਾਦ, ਰੂੜ੍ਹੀ ਖਾਦ, ਹੋਰ ਜੈਵਿਕ ਖਾਦਾਂ ਦੀ ਵਰਤੋਂ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤ ਵਿਚ ਹੀ ਵਾਹੁਣ ਲਈ ਪ੍ਰੇਰਿਤ ਕੀਤਾ l

ਡਾ. ਸ਼ਵਿੰਦਰ ਸਿੰਘ ਏ.ਡੀ.ਓ (ਜ.ਕ) ਵੱਲੋਂ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਦੁਰਵਰਤੋਂ ਨੂੰ ਰੋਕਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਤਾਂ ਵਿੱਚ ਕੀੜੇ-ਮਕੌੜਿਆਂ ਦਾ ਹਮਲਾ ਆਰਥਿਕ ਕਗਾਰ ਤੱਕ ਪਹੁੰਚਣ ‘ਤੇ ਹੀ ਕੀਟਨਾਸ਼ਕਾਂ ਦੀ ਸਪਰੇਅ ਕੀਤੀ ਜਾਵੇ, ਤਾਂ ਜੋ ਕਿਸਾਨ ਭਰਾ ਬੇਲੋੜੇ ਖ਼ਰਚੇ ਤੋਂ ਬਚ ਸਕਣ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ । ਉਨ੍ਹਾਂ ਨੇ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਨਾਉਣ ਤੇ ਜ਼ੋਰ ਦਿੱਤਾ ਅਤੇ ਨਾਲ ਹੀ ਸਿੱਧੀ ਬਿਜਾਈ ਉੱਪਰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਬਾਰੇ ਵੀ ਕਿਸਾਨਾਂ ਨੂੰ ਦੱਸਿਆ l

ਨਵਦੀਪ ਕੌਰ ਏ.ਐਸ.ਆਈ. ਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਿਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਜਿਵੇਂ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ, ਫਾਰਮਰ ਰਜਿਸਟਰੀ, ਨਰਮੇਂ ਬੀਜ ਤੇ 33 ਪ੍ਰਤੀਸ਼ਤ ਸਬਸਿਡੀ ਆਦਿ ਦੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ l ਓਹਨਾ ਦੱਸਿਆ ਕਿ ਨਰਮੇਂ ਬੀਜ ਤੇ ਮਿਲਣ ਵਾਲੀ 33 ਪ੍ਰਤੀਸ਼ਤ ਸਬਸਿਡੀ ਦਾ ਲਾਭ ਲੈਣ ਲਈ agrimachinerypb.com ਪੋਰਟਲ ਉੱਪਰ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 15 ਜੂਨ ਹੈ l ਪਿੰਡ ਮੌੜ ਵਿਖੇ ਲਗਾਏ ਗਏ ਇਸ ਕੈਂਪ ਨੂੰ ਸਫ਼ਲ ਬਣਾਉਣ ਅਤੇ ਸਾਰੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਵਿੱਚ ‘ਆਤਮਾ’ ਸਕੀਮ ਦੇ ਅਸਿਸਟੈਂਟ ਟੈਕਨੋਲੋਜੀ ਮੈਨੇਜਰ ਸ਼੍ਰੀ ਸਵਰਨਜੀਤ ਸਿੰਘ ਅਤੇ ਫੀਲਡਮੈਨ ਸ਼੍ਰੀ ਦੀਪਇੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਪਿੰਡ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ l

Related Articles

Leave a Reply

Your email address will not be published. Required fields are marked *

Back to top button
error: Content is protected !!