ਪਟਿਆਲਾ ਵਿਖੇ ਧਰਨਾ ਦੇ ਰਹੇ ਅਪਰੈਂਟਿਸ ਲਾਈਨਮੈਨਾਂ ’ਤੇ ਪੁਲਿਸ ਵੱਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ
ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣਾ ਆਦਿ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਨਾ ਤੇ ਸੰਘਰਸ਼ ਤਿੱਖੇ ਕਰਨ ਦਾ ਫ਼ੈਸਲਾ

ਮਾਲੇਰ ਕੋਟਲਾ 8 ਜੂਨ ( ਸੂਤਰ)

ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਮਾਲੇਰਕੋਟਲਾ ਦੀ ਮਹੀਨਾਵਾਰ ਮੀਟਿੰਗ ਸਾਥੀ ਜਰਨੈਲ ਸਿੰਘ ਪੰਜਗਰਾਈਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਪਿਆਰਾ ਲਾਲ, ਮੀਤ ਪ੍ਰਧਾਨ ਗੋਬਿੰਦ ਕਾਂਤ, ਹਰਬੰਸ ਲਾਲ ਤੇ ਸੀਨੀਅਰ ਮੀਤ ਪ੍ਰਧਾਨ ਸਾਥੀ ਰਤਨ ਸਿੰਘ, ਮੰਡਲ ਸਕੱਤਰ ਪਰਮਜੀਤ ਸ਼ਰਮਾ ਨੇ ਵਿਚਾਰ ਪੇਸ਼ ਕੀਤੇ।

ਮੀਟਿੰਗ ਵਿੱਚ ਪਟਿਆਲਾ ਵਿਖੇ ਧਰਨਾ ਦੇ ਰਹੇ ਅਪਰੈਂਟਿਸ ਲਾਈਨਮੈਨਾਂ ’ਤੇ ਪੁਲਿਸ ਵੱਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਅਪਰੈਂਟਿਸ ਲਾਈਨਮੈਨਾਂ ਦੀਆਂ ਮੰਗਾਂ ਮੰਨਣ ਅਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਵਿੱਚ ਪੈਨਸ਼ਨਰਾਂ ਤੇ ਮਲਾਜ਼ਮਾਂ ਦੇ ਮਸਲਿਆਂ ’ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ।

ਪੰਜਾਬ ਸਰਕਾਰ ਨੇ ਮੰਗਾਂ ਨੂੰ ਹੱਲ ਕਰਨ ਲਈ ਜੋ ਤਿੰਨ ਮੈਂਬਰੀ ਕਮੇਟੀ ਬਣਾਈ ਸੀ, ਮਾਨਯੋਗ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਜੋ ਮੰਗ ਕੀਤੀ ਗਈ ਸੀ, ਉਸ ਦੇ ਉਲਟਾ ਸੀਲਬੰਦ ਰਿਪੋਰਟ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੀ ਗਈ ਹੈ। ਉਹ ਪੂਰੀ ਤਰ੍ਹਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿਰੋਧੀ ਸਾਬਤ ਹੋਈ ਹੈ। ਪੰਜਾਬ ਸਰਕਾਰ ਮਹਿੰਗਾਈ ਭੱਤਾ ਦੇਣ ਤੋਂ ਦੂਰੀ ਵੱਟ ਰਹੀ ਹੈ, ਕੇਂਦਰ ਸਰਕਾਰ ਵਾਲੀਆਂ ਲੋਕ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਯਤਨ ਕਰ ਰਹੀ ਹੈ। ਸਾਥੀਆਂ ਨੇ ਮੰਗ ਕੀਤੀ ਕਿ ਮਹਿੰਗਾਈ ਭੱਤੇ ਦੀ 18 ਪ੍ਰਤੀਸ਼ਤ ਬਕਾਏ ਦੀ ਕਿਸ਼ਤ ਜਾਰੀ ਕੀਤੀ ਜਾਵੇ, ਫੈਕਟਰ 2.59 ਨੂੰ ਲਾਗੂ ਕੀਤਾ ਜਾਵੇ।

ਮੀਟਿੰਗ ਵਿੱਚ ਪੰਜਾਬ ਸਰਕਾਰ ਦੀ ਉੱਚ-ਤਾਕਤੀ ਕੈਬਨਿਟ ਸਬ-ਕਮੇਟੀ ਵੱਲੋਂ ਪੇਸ਼ ਕੀਤੀ ਰਿਪੋਰਟ ਦੀ ਪੈਨਸ਼ਨਰਾਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਫ਼ੈਸਲਾ ਕੀਤਾ ਕਿ ਆਪਣੀਆਂ ਮੰਗਾ ਮੰਨਵਾਉਣ ਦੀ ਖ਼ਾਤਰ ਮੁਲਾਜ਼ਮਾਂ ਨੂੰ ਪੱਕੇ ਕਰਾਉਣ, ਮੈਡੀਕਲ ਕੈਸ਼ ਲੈੱਸ ਸਕੀਮ ਲਾਗੂ ਕਰਾਉਣਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣਾ ਆਦਿ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਨਾ ਤੇ ਸੰਘਰਸ਼ ਤਿੱਖੇ ਕਰਨ ਦਾ ਫ਼ੈਸਲਾ ਕੀਤਾ ਗਿਆ। ਪਾਵਰਕਾਮ ਪੈਨਸ਼ਨਰਜ਼ ਦੇ ਆਗੂਆਂ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਸੰਘਰਸ਼ ਨੂੰ ਤੇਜ਼ ਕਰਕੇ ਜੋ ਮੁਲਾਜ਼ਮਾਂ ’ਤੇ ਪੈਨਸ਼ਨਰਜ਼ ਪੰਜਾਬ ਦੇ ਸਾਂਝੇ ਫਰੰਟ ਵੱਲੋਂ ਕੀਤੇ ਫ਼ੈਸਲਿਆਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ।

ਆਗੂਆਂ ਨੇ ਦੱਸਿਆ ਕਿ 3 ਜੂਨ 2026 ਨੂੰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ:) ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਜੋ ਲੁਧਿਆਣਾ ਵਿਖੇ ਅਭਿਨਾਸ਼ ਚੰਦਰ ਸ਼ਰਮਾ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਜੂਨ ਮਹੀਨੇ ਵਿੱਚ ਸਾਂਝੇ ਤੌਰ ’ਤੇ ਜ਼ਿਲ੍ਹਾ ਪੱਧਰ ਦੀਆਂ ਕਨਵੈਨਸ਼ਨਾਂ ਕੀਤੀਆਂ ਜਾਣੀਆਂ। ਜੁਲਾਈ 2026 ਵਿੱਚ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਤੇ ਮੰਤਰੀਆਂ ਦੇ ਘਰਾਂ ਜਾਂ ਦਫ਼ਤਰਾਂ ਅੱਗੇ ਘੜਾ ਭੰਨ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਸਤੰਬਰ 2026 ਵਿੱਚ ਜ਼ੋਨ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ।

ਅਕਤੂਬਰ 2026 ਵਿੱਚ ਸੂਬਾ ਪੱਧਰੀ ਧਰਨਾ ਪਟਿਆਲਾ ਵਿਖੇ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਵੱਲੋਂ 17 ਜੂਨ 2026 ਨੂੰ ਜਲੰਧਰ ਵਿਖੇ ਹੋ ਰਹੀ ਕਨਵੈਨਸ਼ਨ ਵਿੱਚ ਮੰਡਲ ਮਾਲੇਰਕੋਟਲਾ ਦੇ ਸਾਥੀ ਭਾਗ ਲੈਣਗੇ। ਸਾਥੀਆਂ ਨੇ ਦੁਹਰਾਇਆ ਕਿ ਆਉਣ ਵਾਲੇ ਸੰਘਰਸ਼ਾਂ ਵਿੱਚ ਮੰਡਲ ਮਾਲੇਰਕੋਟਲਾ ਦੇ ਸਾਥੀ ਵਧ ਚੜ੍ਹ ਕੇ ਹਿੱਸਾ ਲੈਣਗੇ।

ਮੀਟਿੰਗ ਵਿੱਚ ਜਰਨੈਲ ਸਿੰਘ ਪ੍ਰਧਾਨ, ਇਕਬਾਲ ਸਿੰਘ ਫਰਵਾਲੀ, ਮਿਰਜ਼ਾ ਸਿੰਘ ਸੱਦੋਪੁਰ, ਬਲਦੇਵ ਸਿੰਘ, ਰਾਮ ਸਿੰਘ ਲਸੋਈ, ਅਨਵਾਰ ਅਹਿਮਦ, ਬਸ਼ੀਰ ਉਲ ਹੱਕ, ਗੁਰਚਰਨ ਸਿੰਘ, ਪਵਿੱਤਰ ਸਿੰਘ ਜੇ.ਈ. ਨੇ ਸੰਬੋਧਨ ਕਰਦਿਆਂ ਪਟਿਆਲਾ ਵਿਖੇ ਸੰਘਰਸ਼ ਕਰੇ ਅਪਰੈਂਟਿਸ ਲਾਈਨਮੈਨਾਂ ਉਪਰ ਅੰਨ੍ਹੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਜਾਇਜ਼ ਮੰਗਾਂ ਨਾਲ ਇੱਕਮੁਠਤਾ ਦਾ ਇਜ਼ਹਾਰ ਕਰਦਿਆਂ ਪਾਵਰਕਾਮ ਮੈਨੇਜਮੈਂਟ ਨੂੰ ਜਲਦੀ ਤੋਂ ਜਲਦੀ ਮੰਗਾਂ ਮੰਨਣ ਦੀ ਚਿਤਾਵਨੀ ਦਿੱਤੀ। ਪ੍ਰੈਸ ਨੂੰ ਇਹ ਬਿਆਨ ਪਰਮਜੀਤ ਸ਼ਰਮਾ ਪ੍ਰੈਸ ਸਕੱਤਰ ਮੰਡਲ ਮਾਲੇਰਕੋਟਲਾ ਨੇ ਜਾਰੀ ਕੀਤਾ।




