Uncategorized

ਭਲਕੇ (07 ਜੂਨ) ਨੂੰ ਪ੍ਰੀ-ਐੱਸ.ਆਈ.ਆਰ. ਤਹਿਤ ਵੋਟਰ ਮੈਪਿੰਗ ਲਈ ਜ਼ਿਲ੍ਹੇ ਦੇ ਸਮੂਹ 400 ਪੋਲਿੰਗ ਬੂਥਾਂ ’ਤੇ ਲੱਗਣਗੇ ਵਿਸ਼ੇਸ਼ ਕੈਂਪ

ਵੋਟਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਆਪਣੇ ਬੂਥ ’ਤੇ ਪਹੁੰਚ ਕੇ ਕਰਵਾ ਸਕਣਗੇ ਮੈਪਿੰਗ-ਵਿਰਾਜ ਐਸ. ਤਿੜਕੇ

ਮਾਲੇਰਕੋਟਲਾ, 06 ਜੂਨ ( ਵਾਸ਼ਿਸ਼ਟ )


ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀਆਂ ਪ੍ਰੀ-ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਪ੍ਰੀ-ਐੱਸ.ਆਈ.ਆਰ.) ਗਤੀਵਿਧੀਆਂ ਤਹਿਤ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਵੋਟਰਾਂ ਦੀ ਸਾਲ 2003 ਦੀ ਵੋਟਰ ਸੂਚੀ ਨਾਲ ਮੈਪਿੰਗ ਕਰਨ ਲਈ ਭਲਕੇ 07 ਜੂਨ 2026 (ਐਤਵਾਰ) ਨੂੰ ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕਾ-105 ਮਾਲੇਰਕੋਟਲਾ ਅਤੇ ਵਿਧਾਨ ਸਭਾ ਹਲਕਾ-106 ਅਮਰਗੜ੍ਹ ਦੇ ਸਮੂਹ 400 ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਕੈਂਪ ਦੌਰਾਨ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿਣਗੇ ਅਤੇ ਵੋਟਰਾਂ ਨੂੰ ਮੈਪਿੰਗ ਪ੍ਰਕਿਰਿਆ ਸਬੰਧੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਗੇ।

ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹੋਏ ਆਪਣੇ ਪੋਲਿੰਗ ਬੂਥਾਂ ’ਤੇ ਪਹੁੰਚਣ ਅਤੇ ਵੋਟਰ ਸੂਚੀਆਂ ਨੂੰ ਹੋਰ ਸਹੀ, ਪਾਰਦਰਸ਼ੀ ਅਤੇ ਅੱਪਡੇਟ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਐੱਸ.ਆਈ.ਆਰ. ਪ੍ਰਕਿਰਿਆ ਦੌਰਾਨ ਫਾਰਮਾਂ ਨਾਲ ਲਗਾਉਣ ਲਈ 11 ਤਰ੍ਹਾਂ ਦੇ ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸਰਕਾਰੀ ਕਰਮਚਾਰੀ ਜਾਂ ਪੈਨਸ਼ਨਰ ਪਹਿਚਾਣ ਪੱਤਰ, ਪੈਨਸ਼ਨ ਪੇਮੈਂਟ ਆਰਡਰ, ਜਨਮ ਸਰਟੀਫਿਕੇਟ, ਪਾਸਪੋਰਟ, ਮੈਟ੍ਰਿਕ ਜਾਂ ਹੋਰ ਵਿਦਿਅਕ ਸਰਟੀਫਿਕੇਟ, ਸਥਾਈ ਨਿਵਾਸ ਸਰਟੀਫਿਕੇਟ, ਜੰਗਲਾਤ ਅਧਿਕਾਰ ਸਰਟੀਫਿਕੇਟ, ਓ.ਬੀ.ਸੀ./ਐੱਸ.ਸੀ./ਐੱਸ.ਟੀ. ਜਾਂ ਹੋਰ ਜਾਤੀ ਸਰਟੀਫਿਕੇਟ, ਐਨ.ਆਰ.ਸੀ. ਰਿਕਾਰਡ, ਪਰਿਵਾਰਕ ਰਜਿਸਟਰ ਅਤੇ ਸਰਕਾਰ ਵੱਲੋਂ ਜਾਰੀ ਜ਼ਮੀਨ ਜਾਂ ਮਕਾਨ ਅਲਾਟਮੈਂਟ ਸਰਟੀਫਿਕੇਟ ਸ਼ਾਮਲ ਹਨ।

ਉਨ੍ਹਾਂ ਹੋਰ ਦੱਸਿਆ ਕਿ ਆਧਾਰ ਕਾਰਡ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੋੜੀਂਦੇ ਦਸਤਾਵੇਜ਼ਾਂ ਸਮੇਤ ਆਪਣੇ ਬੂਥਾਂ ’ਤੇ ਪਹੁੰਚ ਕੇ ਮੈਪਿੰਗ ਪ੍ਰਕਿਰਿਆ ਨੂੰ ਸਫਲ ਬਣਾਉਣ।

Related Articles

Leave a Reply

Your email address will not be published. Required fields are marked *

Back to top button
error: Content is protected !!