Uncategorized

ਅੰਮ੍ਰਿਤਸਰ ਸ਼ਹਿਰ ਵਿੱਚ ਫੂਡ ਸੇਫ਼ਟੀ ਵਿਭਾਗ ਵੱਲੋਂ ਡੇਅਰੀਆਂ ਤੋਂ ਲਏ 12 ਸੈਂਪਲਾਂ ਵਿੱਚੋਂ 8 ਸੈਂਪਲ ਫੇਲ ਪਾਏ ਗਏ

ਫ਼ੂਡ ਸੇਫ਼ਟੀ ਵਿਭਾਗ ਨੇ ਸੈਂਪਲ ਫੇਲ ਪਾਏ ਜਾਣ ਵਾਲੀਆਂ ਡੇਅਰੀਆਂ ਵਿਰੁੱਧ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ-2006 ਅਧੀਨ ਕਾਨੂੰਨੀ ਕਾਰਵਾਈ ਆਰੰਭੀ

ਅੰਮ੍ਰਿਤਸਰ, 05 ਜੂਨ ( ਸੂਤਰ )


ਮਾਣਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਮੁੱਖ ਦਫ਼ਤਰ ਵੱਲੋਂ ਡਾ. ਜੀ.ਐੱਸ. ਪੰਨੂ, ਸਹਾਇਕ ਕਮਿਸ਼ਨਰ ਫੂਡ ਦੀ ਅਗਵਾਈ ਹੇਠ ਗਠਿਤ ਕੀਤੀ ਟੀਮ ਵੱਲੋਂ ਬੀਤੀ 21 ਮਈ 2026 ਨੂੰ ਅੰਮ੍ਰਿਤਸਰ ਸ਼ਹਿਰ ਦੀਆਂ ਵੱਖ-ਵੱਖ ਡੇਅਰੀਆਂ ਤੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੇ ਜੋ 12 ਸੈਂਪਲ ਲੈ ਕੇ ਜਾਂਚ ਲਈ ਫੂਡ ਲੈਬਾਰਟਰੀ, ਖਰੜ ਵਿਖੇ ਭੇਜੇ ਗਏ ਸਨ ਉਨ੍ਹਾਂ ਵਿਚੋਂ 2 ਸੈਂਪਲ ਨਾ-ਖਾਣ ਯੋਗ ਅਤੇ 6 ਸੈਂਪਲ ਗੈਰ-ਮਿਆਰੀ ਪਾਏ ਗਏ ਹਨ। ਇਸ ਤੋਂ ਇਲਾਵਾ 4 ਸੈਂਪਲ ਪਾਸ ਹੋਏ ਹਨ।

ਫੇਲ ਹੋਏ ਸੈਂਪਲਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਜੀ.ਐੱਸ. ਪੰਨੂ, ਸਹਾਇਕ ਕਮਿਸ਼ਨਰ ਫੂਡ ਨੇ 21 ਮਈ ਨੂੰ ਅੰਮ੍ਰਿਤਸਰ ਸ਼ਹਿਰ ਦੀਆਂ ਜਿਨ੍ਹਾਂ ਡੇਅਰੀਆਂ ਤੋਂ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤੂਆਂ ਦੇ ਸੈਂਪਲ ਲਏ ਗਏ ਸਨ ਉਨ੍ਹਾਂ ਵਿੱਚ ਗਿੱਲ ਡੇਅਰੀ, ਅੱਡਾ ਗੌਂਸਾਬਾਦ, ਰਾਮ ਤੀਰਥ ਰੋਡ ਤੋਂ ਪਨੀਰ ਦੇ ਦੋ ਸਂੈਪਲ ਲਏ ਸਨ ਜਿਨ੍ਹਾਂ ਵਿੱਚੋਂ ਇੱਕ ਨਾ-ਖਾਣਯੋਗ ਅਤੇ 1 ਗੈਰ ਮਿਆਰੀ ਪਾਇਆ ਗਿਆ ਹੈ। ਇਸੇ ਤਰ੍ਹਾਂ ਗੁਰੂ ਨਾਨਕ ਡੇਅਰੀ, ਰਾਮ ਤੀਰਥ ਰੋਡ, ਪੁਤਲੀਘਰ ਤੋਂ ਦੁੱਧ ਦਾ ਸੈਂਪਲ ਗੈਰ ਮਿਆਰੀ ਪਾਇਆ ਗਿਆ ਹੈ।

ਸਹਾਇਕ ਕਮਿਸ਼ਨਰ ਫੂਡ ਡਾ. ਜੀ.ਐੱਸ. ਫੂਡ ਨੇ ਅੱਗੇ ਦੱਸਿਆ ਕਿ ਗੁਰੂ ਡੇਅਰੀ, ਪੁਤਲੀ ਘਰ ਦਾ 1 ਪਨੀਰ ਦਾ ਅਤੇ 1 ਦੁੱਧ ਦਾ ਸੈਂਪਲ ਵੀ ਗੈਰ-ਮਿਆਰੀ ਪਾਇਆ ਗਿਆ ਹੈ। ਇਸੇ ਤਰ੍ਹਾਂ ਸ਼ਰਮਾਂ ਡੇਅਰੀ, ਪੁਤਲੀਘਰ ਤੋਂ ਦਹੀਂ ਦਾ ਇੱਕ ਸੈਂਪਲ ਗੈਰ-ਮਿਆਰੀ ਪਾਇਆ ਗਿਆ ਹੈ। ਛਾਬੜਾ ਡੇਅਰੀ, ਪੁਤਲੀਘਰ ਤੋਂ ਪਨੀਰ ਦਾ ਇੱਕ ਸੈਂਪਲ ਲਿਆ ਗਿਆ ਸੀ, ਜੋ ਗੈਰ-ਮਿਆਰੀ ਪਾਇਆ ਗਿਆ ਹੈ। ਡਾ. ਪੰਨੂ ਨੇ ਅੱਗੇ ਦੱਸਿਆ ਕਿ ਢਿਲੋਂ ਡੇਅਰੀ, ਇੰਡੀਆ ਗੇਟ ਤੋਂ ਲਿਆ ਗਿਆ ਪਨੀਰ ਦਾ ਸੈਂਪਲ ਨਾ-ਖਾਣ ਯੋਗ ਪਾਇਆ ਗਿਆ ਹੈ।

ਡਾ. ਪੰਨੂ ਨੇ ਦੱਸਿਆ ਕਿ ਜਿਨ੍ਹਾਂ ਡੇਅਰੀਆਂ ਦੇ ਸੈਂਪਲ ਫੇਲ ਪਾਏ ਗਏ ਹਨ ਉਨ੍ਹਾਂ ਦੇ ਵਿਰੁੱਧ ਫੂਡ ਸੇਫ਼ਟੀ ਵਿਭਾਗ ਵੱਲੋਂ ਬਣਦੀ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ-2006 ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ ਵਾਲੀ ਵਸਤੂ ਖਰੀਦਣ ਤੋਂ ਪਹਿਲਾਂ ਉਹ ਖੁਦ ਵੀ ਜਾਂਚ ਕਰਨ ਕਿ ਕੀ ਇਹ ਵਸਤੂ ਸਾਫ਼-ਸੁਥਰੀ ਜਗ੍ਹਾ ਅਤੇ ਭਰੋਸੇਮੰਦ ਵਿਅਕਤੀ ਕੋਲੋਂ ਹੀ ਲੈ ਰਹੇ ਹਨ ਤਾਂ ਜੋ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਾਣਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ ਦੀਆਂ ਹਦਾਇਤਾਂ ਤਹਿਤ ਭਵਿੱਖ ਵਿੱਚ ਵੀ ਇਹ ਖਾਣ-ਪੀਣ ਦੀਆਂ ਵਸਤੂਆਂ ਦੇ ਸੈਂਪਲ ਲੈਣ ਦੀ ਇਹ ਮੁਹਿੰਮ ਜਾਰੀ ਰਹੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!