Uncategorized

ਬਹਾਵਲਪੁਰੀ ਭਾਈਚਾਰੇ ਦਾ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ: ਹਰਪਾਲ ਜੁਨੇਜਾ

ਬਹਾਵਲਪੁਰੀ ਦਿਵਸ' ਮੌਕੇ ਸਮਾਣਾ ਵਿਖੇ ਕਰਵਾਇਆ ਵਿਸ਼ੇਸ਼ ਸਮਾਗਮ; ਭਾਈਚਾਰੇ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ

ਸਮਾਣਾ, 19 ਅਪ੍ਰੈਲ ( ਸੂਤਰ )


ਅਖਿਲ ਭਾਰਤੀ ਬਹਾਵਲਪੁਰ ਮਹਾਸੰਘ ਵੱਲੋਂ ‘ਬਹਾਵਲਪੁਰੀ ਦਿਵਸ’ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਪੀ.ਆਰ.ਟੀ.ਸੀ. ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕਿ ਬਹਾਵਲਪੁਰੀ ਭਾਈਚਾਰਾ ਆਪਣੀ ਮਿਹਨਤ ਅਤੇ ਦਿਆਨਤਦਾਰੀ ਲਈ ਜਾਣਿਆ ਜਾਂਦਾ ਹੈ।

ਉਨ੍ਹਾਂ ਕਿਹਾ, “ਦੇਸ਼ ਦੀ ਆਰਥਿਕ ਅਤੇ ਸਮਾਜਿਕ ਉੱਨਤੀ ਵਿੱਚ ਇਸ ਭਾਈਚਾਰੇ ਦਾ ਬਹੁਤ ਵੱਡਾ ਅਤੇ ਅਹਿਮ ਯੋਗਦਾਨ ਹੈ। ਵੰਡ ਦੇ ਸੰਤਾਪ ਨੂੰ ਹੰਢਾਉਣ ਦੇ ਬਾਵਜੂਦ ਇਸ ਭਾਈਚਾਰੇ ਨੇ ਆਪਣੀ ਹਿੰਮਤ ਨਾਲ ਸਮਾਜ ਵਿੱਚ ਇੱਕ ਸਤਿਕਾਰਯੋਗ ਮੁਕਾਮ ਹਾਸਲ ਕੀਤਾ ਹੈ।” ਉਨ੍ਹਾਂ ਭਾਈਚਾਰੇ ਦੇ ਸ਼ਾਨਾਮੱਤੇ ਇਤਿਹਾਸ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਏਕਤਾ ਦੇ ਸੂਤਰ ਵਿੱਚ ਬੱਝੇ ਰਹਿਣ ਦਾ ਸੱਦਾ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਸੰਘ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਸਚਦੇਵਾ ਨੇ ਦੱਸਿਆ ਕਿ ਇਹ ਦਿਨ ਬਹਾਵਲਪੁਰੀ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਵਾਰ ਵੀ ਇਹ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਯਾਦਗਾਰੀ ਬਣਾਇਆ ਗਿਆ। ਸਮਾਗਮ ਦੌਰਾਨ ਭਾਈਚਾਰੇ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ।

ਮਹਾਸੰਘ ਦੇ ਮੁੱਖ ਸਰਪ੍ਰਸਤ ਡਾ. ਮਦਨ ਲਾਲ ਹਸੀਜਾ ਅਤੇ ਗਿਆਨ ਚੰਦ ਕਟਾਰੀਆ ਨੇ ਕਿਹਾ ਕਿ ਅਜਿਹੇ ਸਮਾਗਮਾਂ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੋੜਨਾ ਹੈ। ਚੇਅਰਮੈਨ ਜਗਦੀਸ਼ ਕੁਮਾਰ, ਪ੍ਰਧਾਨ ਸੁਸ਼ੀਲ ਪੋਪਲੀ ਅਤੇ ਕਾਰਜਕਾਰੀ ਪ੍ਰਧਾਨ ਰਾਮ ਚੰਦ ਰਾਮਾ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।

ਸਮਾਗਮ ਦੇ ਅਖੀਰ ਵਿੱਚ ਪ੍ਰਧਾਨ ਰਾਜ ਕੁਮਾਰ ਸਚਦੇਵਾ ਅਤੇ ਸਮੂਹ ਮੈਂਬਰਾਂ ਵੱਲੋਂ ਹਰਪਾਲ ਜੁਨੇਜਾ ਅਤੇ ਹੋਰ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਬਹਾਵਲਪੁਰ ਮਹਾਸੰਘ ਦੇ ਮੈਂਬਰਾਂ ਨੇ ਭਾਈਚਾਰਕ ਏਕਤਾ ਨੂੰ ਕਾਇਮ ਰੱਖਣ ਦਾ ਪ੍ਰਣ ਲਿਆ। ‘ਜੈ ਬਹਾਵਲਪੁਰੀ’ ਅਤੇ ‘ਜੀਵੇ ਬਹਾਵਲਪੁਰੀ’ ਦੇ ਨਾਅਰਿਆਂ ਨਾਲ ਪੂਰਾ ਪੰਡਾਲ ਗੂੰਜ ਉੱਠਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਭਾਈਚਾਰੇ ਦੇ ਲੋਕ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!