Uncategorized

ਡਿਪਟੀ ਕਮਿਸ਼ਨਰ ਵੱਲੋਂ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਲਾਨਾ ਵਾਤਾਵਰਣ ਪੁਰਸਕਾਰ’ ਲਈ ਅਰਜ਼ੀਆਂ ਦੀ ਮੰਗ

ਜ਼ਿਲ੍ਹੇ ਤੋਂ ਵੱਖ-ਵੱਖ ਚਾਰ ਸ਼੍ਰੇਣੀਆਂ ‘ਚ ਕੰਮ ਕਰਨ ਵਾਲੀਆਂ ਸੰਸਥਾਵਾਂ 27 ਅਪ੍ਰੈਲ ਤੱਕ ਦੇ ਸਕਦੀਆਂ ਹਨ ਅਰਜ਼ੀਆਂ

ਹੁਸ਼ਿਆਰਪੁਰ, 21 ਅਪ੍ਰੈਲ ( ਸੂਤਰ )


ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਸੰਭਾਲ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਲਾਨਾ ਵਾਤਾਵਰਣ ਪੁਰਸਕਾਰ’ ਦਿੱਤਾ ਜਾਵੇਗਾ। ਇਹ ਪੁਰਸਕਾਰ ਹਰ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਪ੍ਰਦਾਨ ਕੀਤਾ ਜਾਂਦਾ ਹੈ। ਇਸਦਾ ਉਦੇਸ਼ ਉਨ੍ਹਾਂ ਸੰਸਥਾਵਾਂ ਨੂੰ ਉਤਸ਼ਾਹਿਤ ਕਰਨਾ ਹੈ ਜੋ ਵਾਤਾਵਰਣ ਸੁਰੱਖਿਆ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਟਿਕਾਊ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਪੁਰਸਕਾਰ ਪੰਜਾਬ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪ੍ਰਕਿਰਤੀ ਪ੍ਰੇਮ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਸਾਲ 2025-26 ਵਿਚ ਚਾਰ ਸ਼੍ਰੇਣੀਆਂ ਵਿੱਚ ਪੁਰਸਕਾਰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਸਰਵੋਤਮ ਗ੍ਰਾਮ ਪੰਚਾਇਤ, ਸਰਵੋਤਮ ਸੰਸਥਾ, ਸਰਵੋਤਮ ਗੈਰ-ਸਰਕਾਰੀ/ਸਮਾਜਿਕ ਸੰਸਥਾ ਅਤੇ ਸਰਵੋਤਮ ਉਦਯੋਗ ਸ਼ਾਮਲ ਹਨ।

ਉਨ੍ਹਾਂ ਦੱਸਿਆ ਕਿ ਸਰਵੋਤਮ ਗ੍ਰਾਮ ਪੰਚਾਇਤ ਦੀ ਚੋਣ ਫ਼ਸਲੀ ਰਹਿੰਦ-ਖੂੰਹਦ ਸਾੜਨ ‘ਤੇ ਪੂਰੀ ਰੋਕ, ਹਵਾ, ਪਾਣੀ ਅਤੇ ਮਿੱਟੀ ਪ੍ਰਦੂਸ਼ਣ ਕੰਟਰੋਲ, ਜਾਨਵਰਾਂ ਦੀ ਰਹਿੰਦ-ਖੂੰਹਦ ਪ੍ਰਬੰਧਨ, ਰੁੱਖ ਲਗਾਉਣ, ਪਿੰਡਾਂ ਦੇ ਤਲਾਬਾਂ ਦੀ ਸਫਾਈ ਅਤੇ ਜੈਵਿਕ ਵਿਭਿੰਨਤਾ ਸੰਭਾਲ ਵਰਗੇ ਕੰਮਾਂ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਸੇ ਤਰ੍ਹਾਂ ਵਿਦਿਅਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਉਦਯੋਗਾਂ ਦੀ ਚੋਣ ਵਾਤਾਵਰਣ ਸੁਧਾਰ, ਠੋਸ ਕੂੜਾ ਪ੍ਰਬੰਧਨ, ਪ੍ਰਦੂਸ਼ਣ ਕੰਟਰੋਲ, ਕੁਦਰਤੀ ਸਰੋਤਾਂ ਦੀ ਰੱਖਿਆ ਅਤੇ ਈਕੋ ਫ੍ਰੈਂਡਲੀ/ਗ੍ਰੀਨ ਤਕਨੀਕੀ ਉਪਕਰਮਾਂ ਨੂੰ ਉਤਸ਼ਾਹਿਤ ਕਰਨ ਦੇ ਮਾਪਦੰਡਾਂ ਅਧੀਨ ਕੀਤੀ ਜਾਵੇਗੀ।

ਆਸ਼ਿਕਾ ਜੈਨ ਨੇ ਦੱਸਿਆ ਕਿ ਹਰ ਜੇਤੂ ਸੰਸਥਾ ਨੂੰ 1 ਲੱਖ ਰੁਪਏ ਦੀ ਨਕਦ ਰਕਮ, ਪ੍ਰਸ਼ੰਸਾ ਪੱਤਰ ਅਤੇ ਪੰਜਾਬ ਸਰਕਾਰ ਦੇ ਲੋਗੋ ਵਾਲੀ ਚਾਂਦੀ ਦੀ ਪਲੇਟ ਦਿੱਤੀ ਜਾਵੇਗੀ। ਇਹ ਪੁਰਸਕਾਰ ਉਨ੍ਹਾਂ ਸੰਸਥਾਵਾਂ ਲਈ ਹੈ ਜਿਨ੍ਹਾਂ ਨੇ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਲਗਾਤਾਰ ਸਮਰਪਿਤ ਹੋ ਕੇ ਕੰਮ ਕੀਤਾ ਹੋਵੇ।

ਉਨ੍ਹਾਂ ਦੱਸਿਆ ਕਿ ਹਰ ਜ਼ਿਲ੍ਹੇ ਤੋਂ ਚਾਰਾਂ ਸ਼੍ਰੇਣੀਆਂ ਵਿੱਚ ਇੱਕ-ਇੱਕ ਨਾਮਜ਼ਦਗੀ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਚੁਣੀ ਜਾਵੇਗੀ। ਇਹ ਕਮੇਟੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਬਣਾਈ ਜਾਵੇਗੀ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਂਬਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਮੈਂਬਰ ਸਕੱਤਰ ਹੋਣਗੇ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੀਆਂ ਯੋਗ ਪੰਚਾਇਤਾਂ, ਸੰਸਥਾਵਾਂ, ਸਮਾਜਿਕ ਸੰਗਠਨਾਂ ਅਤੇ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੁਰਸਕਾਰ ਲਈ ਅਰਜ਼ੀਆਂ ਭੇਜਣ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਨਿਰਧਾਰਿਤ ਪ੍ਰੋਫਾਰਮਾ ਵਿੱਚ 27 ਅਪ੍ਰੈਲ ਤੱਕ ਹਾਰਡ ਕਾਪੀ ਰੂਪ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ, ਹੁਸ਼ਿਆਰਪੁਰ ਵਿੱਚ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਵਾਤਾਵਰਣ ਸੰਭਾਲ ਲਈ ਵਿਸ਼ੇਸ਼ ਯਤਨ ਕਰਨ ਵਾਲੀਆਂ ਸੰਸਥਾਵਾਂ ਲਈ ਵੱਡਾ ਸਨਮਾਨ ਹੈ ਅਤੇ ਇਸ ਨਾਲ ਰਾਜ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਅਤੇ ਭਾਗੀਦਾਰੀ ਨੂੰ ਹੋਰ ਪ੍ਰੋਤਸਾਹਨ ਮਿਲੇਗਾ।

Related Articles

Leave a Reply

Your email address will not be published. Required fields are marked *

Back to top button
error: Content is protected !!