Uncategorized

ਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਖ਼ਾਦ ਵਿਕਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ

ਹੁਸ਼ਿਆਰਪੁਰ , 16 ਅਪ੍ਰੈਲ ( ਸੂਤਰ )


ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮਿਆਰੀ ਅਤੇ ਸਮੇਂ ਸਿਰ ਖੇਤੀ ਸਮਗਰੀ ਉਪਲਬਧ ਕਰਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਰਾਜ ਪੱਧਰੀ ਨਿਗਰਾਨ ਟੀਮਾਂ ਵਲੋਂ ਸਮੂਹ ਜ਼ਿਲ੍ਹਿਆਂ ਵਿਚ ਖਾਦ ਡੀਲਰਾਂ ਦੀਆਂ ਦੁਕਾਨਾਂ , ਗੋਦਾਮਾਂ ਅਤੇ ਪਲਾਈ ਵੁਡ ਉਦਯੋਗਿਕ ਇਕਾਈਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੁਹਿੰਮ ਤਹਿਤ ਜ਼ਿਲਾ ਹੁਸ਼ਿਆਰਪੁਰ ਵਿਚ ਰਾਜ ਪੱਧਰੀ ਟੀਮ ਵੱਲੋਂ ਗੜ੍ਹਸ਼ੰਕਰ, ਮਾਹਿਲਪੁਰ, ਚੱਬੇਵਾਲ, ਹੁਸ਼ਿਆਰਪੁਰ ਅਤੇ ਮੁਕੇਰੀਆਂ ਵਿਚ ਖਾਦ ਵਿਕ੍ਰੇਤਾਵਾਂ ਦੇ ਗੁਦਾਮਾਂ ਦੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਭੂੰਗਾ ਅਤੇ ਹੁਸ਼ਿਆਰਪੁਰ ਵਿਚ ਸਥਿਤ ਪਲਾਈ ਉਦਯੋਗਿਕ ਇਕਾਈਆਂ ਦੀ ਵੀ ਚੈਕਿੰਗ ਕੀਤੀ ਗਈ ।

ਇਸ ਟੀਮ ਵਿਚ ਡਾਕਟਰ ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ, ਡਾਕਟਰ ਦੀਪਇੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ,ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਸਿਮਰਨਜੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਮਿੱਤਰਮਾਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ।

ਟੀਮ ਵੱਲੋਂ ਇਹ ਪਾਇਆ ਗਿਆ ਕਿ ਕਿਸਾਨਾਂ ਖਾਸ ਕਰਕੇ ਵੱਡੇ ਕਿਸਾਨਾਂ ਵਲੋਂ ਸਾਉਣੀ ਦੀਆਂ ਫ਼ਸਲਾਂ ਲਈ ਲੋੜੀਂਦੀ ਯੂਰੀਆ ਖਾਦ ਦਾ ਹੁਣ ਤੋਂ ਹੀ ਸਟਾਕ ਕੀਤਾ ਜਾ ਰਿਹਾ ਹੈ, ਜਿਸ ਨਾਲ ਛੋਟੇ ਕਿਸਾਨਾਂ ਨੁੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਨੁੰ ਚਾਹੀਦਾ ਹੈ ਕਿ ਸਿਫਾਰਸ਼ਾਂ ਮੁਤਾਬਿਕ ਅਤੇ ਜ਼ਰੂਰਤ ਅਨੁਸਾਰ ਖਾਦ ਦੀ ਖਰੀਦ ਕਰਕੇ ਫ਼ਸਲਾਂ ਵਿਚ ਵਰਤੀ ਜਾਵੇ ਤਾਂ ਜੋਂ ਖੇਤੀ ਲਾਗਤ ਖਰਚੇ ਘਟਾਉਣ ਦੇ ਨਾਲ ਨਾਲ ਮਿੱਟੀ, ਹਵਾ ਅਤੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ।

ਡਾ. ਅਮਰੀਕ ਸਿੰਘ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਵਿਚ ਲਗਾਤਾਰ ਯੂਰੀਆ ਖਾਦ ਦੀ ਵਰਤੋਂ ਵੱਧ ਰਹੀ ਹੈ ਅਤੇ ਅਤੇ ਵੇਖਣ ਵਿਚ ਆਇਆ ਹੈ ਕਿ ਸਬਸਿਡੀ ਵਾਲੀ ਯੂਰੀਆ ਖਾਦ ਦੀ ਵਰਤੋਂ ਪਲਾਈਵੁੱਡ ਇੰਡਸਟਰੀ ਵਿਚ ਸੰਭਵ ਹੈ, ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਉਦਯੋਗਿਕ ਇਕਾਈਆਂ ਵਿਚ ਯੂਰੀਆ ਖਾਦ ਦੀ ਵਰਤੋਂ ਨੂੰ ਰੋਕਣ ਸਬੰਧੀ ਪੂਰੇ ਪੰਜਾਬ ਵਿਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸੇ ਲੜੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅੱਜ ਚੈਕਿੰਗ ਕੀਤੀ ਗਈ ਹੈ।

ਉਨ੍ਹਾਂ ਨੇ ਆਪਣੀ ਟੀਮ ਸਹਿਤ ਭੂੰਗਾ ਅਤੇ ਹੁਸ਼ਿਆਰਪੁਰ ਵਿਚ ਸਥਿਤ ਪਲਾਈਵੁੱਡ ਇੰਡਸਟਰੀ ਦੀ ਚੈਕਿੰਗ ਕੀਤੀ। ਉਨ੍ਹਾਂ ਸਮੂਹ ਖ਼ਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੀ.ਓ.ਐਸ ਮਸ਼ੀਨਾਂ ਵਿਚੋਂ ਸਟਾਕ ਕਲੀਅਰ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਲੋੜ ਅਨੁਸਾਰ ਹੀ ਖ਼ਾਦ ਦਿੱਤੀ ਜਾਵੇ ਅਤੇ ਫਾਲਤੂ ਖ਼ਾਦ ਦੀ ਵਿਕਰੀ ਬਿਲਕੁਲ ਨਾ ਕੀਤੀ ਜਾਵੇ। ਜੇਕਰ ਕੋਈ ਵੀ ਖ਼ਾਦ ਵਿਕਰੇਤਾ ਯੂਰੀਆ ਖਾਦ ਫੀਡ ਅਤੇ ਪਲਾਈਵੁੱਡ ਇੰਡਸਟਰੀਆਂ ਨੂੰ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਖੇਤੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਸਮੂਹ ਖ਼ਾਦ ਵਿਕਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕਿਸੇ ਇੰਡਸਟਰੀ ਵਿਚ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਹੁੰਦੀ ਪਾਈ ਜਾਂਦੀ ਹੈ ਤਾਂ ਉਸ ਇੰਡਸਟਰੀ ‘ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਸੀਜ਼ ਕੀਤਾ ਜਾਵੇ।

ਮੁੱਖ ਖੇਤੀਬਾੜੀ ਅਫਸਰ ਡਾ. ਦਪਿੰਦਰ ਸਿੰਘ ਸੰਧੂ ਨੇ ਇਸ ਮੌਕੇ ਕਿਹਾ ਕਿ ਇਨ੍ਹਾਂ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਖ਼ਾਦ ਦੀ ਫਾਲਤੂ ਵਿਕਰੀ ਅਤੇ ਇੰਡਸਟਰੀ ਵਿਚ ਕੀਤੀ ਜਾ ਰਹੀ ਗੈਰ ਕਾਨੂੰਨੀ ਵਰਤੋਂ ਨੂੰ ਬਿਲਕੁਲ ਰੋਕਿਆ ਜਾਵੇਗਾ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button
error: Content is protected !!