Uncategorized

ਸੁਪਨਿਆਂ ਦੀ ਉਡਾਣ: ਬਰਨਾਲਾ ਦੀ ਵਿਦਿਆਰਥਣ ਦੀ ਜਪਾਨ ਦੇ ਵਿਦਿਅਕ ਦੌਰੇ ਲਈ ਚੋਣ

ਅਲੀਸ਼ਾ ਦੇਸ਼ ਵਿੱਚੋਂ ਚੁਣੇ 56 ਅਤੇ ਪੰਜਾਬ ਦੇ 3 ਵਿਦਿਆਰਥੀਆਂ ਵਿਚ ਸ਼ਾਮਲ

ਬਰਨਾਲਾ, 31 ਮਾਰਚ ( ਸੂਤਰ )


ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਬਰਨਾਲਾ ਦੀ ਬਾਰ੍ਹਵੀਂ ਦੀ ਵਿਦਿਆਰਥਣ ਦੀ ਚੋਣ ਜਪਾਨ ਦੇ ਵਿਦਿਅਕ ਦੌਰੇ ਲਈ ਹੋਈ ਹੈ। ਅਲੀਸ਼ਾ ਰਾਣੀ ਪੂਰੇ ਦੇਸ਼ ਵਿੱਚੋਂ ਚੁਣੇ 56 ਅਤੇ ਪੰਜਾਬ ਦੇ 3 ਵਿਦਿਆਰਥੀਆਂ ਵਿਚ ਸ਼ਾਮਲ ਹੈ ਜੋ ਕਿ ਇਕ ਹਫ਼ਤੇ ਦੇ ਜਪਾਨ ਦੌਰੇ ‘ਤੇ ਜਾਣਗੇ।

ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਅਲੀਸ਼ਾ ਰਾਣੀ ਪੁੱਤਰੀ ਆਸ਼ੂ ਕੁਮਾਰ ਵਾਸੀ ਬਰਨਾਲਾ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਕੰਨਿਆ) ਬਰਨਾਲਾ ਦੀ ਬਾਰ੍ਹਵੀਂ ਦੀ ਵਿਦਿਆਰਥਣ ਹੈ, ਨੂੰ ਡੀਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਲਿਟਰੇਸੀ, ਸਿੱਖਿਆ ਮੰਤਰਾਲੇ ਰਾਹੀਂ ਸਾਕੁਰਾ ਸਾਇੰਸ ਹਾਈ ਸਕੂਲ ਪ੍ਰੋਗਰਾਮ 2026 ਲਈ ਚੁਣਿਆ ਗਿਆ ਹੈ ਜੋ ਕਿ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਗਿਆਨ ਵਧਾਉਣ ਲਈ 24 ਮਈ ਤੋਂ 30 ਮਈ 2026 ਤੱਕ ਜਪਾਨ ਦੌਰੇ ‘ਤੇ ਜਾਵੇਗੀ। ਓਹ ਦੇਸ਼ ਭਰ ਦੇ ਚੁਣੇ 56 ਅਤੇ ਪੰਜਾਬ ਤੋਂ ਚੁਣੇ 3 ਵਿਦਿਆਰਥੀਆਂ ਵਿਚ ਸ਼ਾਮਲ ਹੈ। ਓਹਨਾਂ ਕਿਹਾ ਕਿ ਸਰਕਾਰ ਵਲੋਂ ਸਮੇਂ ਸਮੇਂ ‘ਤੇ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਦਿੱਤੇ ਜਾਂਦੇ ਹਨ ਅਤੇ ਇਹ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੱਚੇ ਬੜੀ ਮੇਹਨਤ ਅਤੇ ਕਾਬਲੀਅਤ ਨਾਲ ਅਜਿਹੇ ਸੁਨਹਿਰੇ ਮੌਕੇ ਹਾਸਲ ਕਰਕੇ ਅੱਗੇ ਵਧ ਰਹੇ ਹਨ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ ਨੇ ਦੱਸਿਆ ਕਿ ਇਸ ਵਿਦਿਅਕ ਦੌਰੇ ਲਈ ਸਿੱਖਿਆ ਮੰਤਰਾਲੇ ਵਲੋਂ ਕੌਮੀ ਪੱਧਰ ਦੀ ਪ੍ਰਾਪਤੀ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ। ਓਹਨਾਂ ਦੱਸਿਆ ਕਿ ਕੰਨਿਆ ਸਕੂਲ ਦੀ ਅਲੀਸ਼ਾ ਰਾਣੀ ਵਲੋਂ ਪਹਿਲਾਂ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਇਮਤਿਹਾਨ ਵੀ ਪਾਸ ਕੀਤਾ ਗਿਆ ਸੀ ਜਿਸ ਅਧੀਨ ਉਹ 8ਵੀਂ ਜਮਾਤ ਤੋਂ 12000 ਰੁਪਏ ਪ੍ਰਤੀ ਸਾਲ ਵਜ਼ੀਫਾ ਲੈ ਰਹੀ ਹੈ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਅਲੀਸ਼ਾ ਰਾਣੀ ਨੇ 8ਵੀਂ ਜਮਾਤ ਵਿੱਚ ਵੀ ਮੈਰਿਟ ਵਿਚ ਸਥਾਨ ਬਣਾਇਆ ਸੀ ਅਤੇ 10ਵੀਂ ਵਿੱਚ ਵੀ 97 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਅਲੀਸ਼ਾ ਰਾਣੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਓਸ ਦੀ ਇੱਛਾ ਸੀ ਕਿ ਓਸਨੂੰ ਅਜਿਹੇ ਵਿਦਿਅਕ ਟੂਰ ਉੱਤੇ ਜਾਣ ਦਾ ਮੌਕਾ ਮਿਲੇ। ਇਹ ਟੂਰ ਉਸ ਲਈ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿਚ ਨਵਾਂ ਸਿੱਖਣ ਅਤੇ ਅੱਗੇ ਵਧਣ ਦਾ ਰਾਹ ਦਸੇਰਾ ਬਣੇਗਾ। ਅਲੀਸ਼ਾ ਨੇ ਕਿਹਾ ਕਿ ਉਸ ਦੀ ਸਫ਼ਲਤਾ ਦਾ ਸਿਹਰਾ ਸਕੂਲ ਪ੍ਰਿੰਸੀਪਲ ਵਿਨਸੀ ਜਿੰਦਲ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਪੰਕਜ ਗੋਇਲ ਸਮੇਤ ਸਾਰੇ ਅਧਿਆਪਕਾਂ ਨੂੰ ਜਾਂਦਾ ਹੈ।

ਇਸ ਮੌਕੇ ਅਲੀਸ਼ਾ ਰਾਣੀ ਦੇ ਪਿਤਾ ਆਸ਼ੂ ਕੁਮਾਰ ਅਤੇ ਮਾਤਾ ਰਿੰਪੀ ਰਾਣੀ ਨੇ ਧੀ ਦੀ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਿਹਾ ਕਿ ਸਰਕਾਰ ਤਰਫੋਂ ਅਲੀਸ਼ਾ ਨੂੰ ਜਪਾਨ ਜਾਣ ਦਾ ਮੌਕਾ ਮਿਲ ਰਿਹਾ ਹੈ ਜੋ ਕਿ ਓਹਨਾਂ ਲਈ ਬੇਹੱਦ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!