ਪਿੰਡ ਭੱਦਲਵੱਡ ਦਾ ਜਤਿੰਦਰ ਸਿੰਘ 120 ਏਕੜ ‘ਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਰ ਰਿਹਾ ਹੈ ਉਸ ਦੀ ਸੰਭਾਲ
ਮਿੱਟੀ ਦੀ ਉਪਜਾਉ ਸਮਰੱਥਾ ਵਧਾ ਕੇ ਉਸ ਵਿੱਚ ਆਲੂਆਂ ਅਤੇ ਕਣਕ ਦੀ ਕਾਸ਼ਤ ਕਰਦਾ
ਬਰਨਾਲਾ, 29 ਨਵੰਬਰ ( ਬਿਊਰੋ ) ਭੱਦਲਵੱਡ ਪਿੰਡ ਦਾ ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਆਪਣੇ 120 ਏਕੜ ਖੇਤ ਵਿੱਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਉਸ ਦਾ ਪ੍ਰਬੰਧਨ ਕਰ ਰਿਹਾ ਹੈ।

ਉਹ ਪਰਾਲੀ ਨੂੰ ਖੇਤ ਵਿੱਚ ਹੀ ਰਲਾ ਕੇ ਆਪਣੀ ਮਿੱਟੀ ਦੀ ਉਪਜਾਉ ਸਮਰੱਥਾ ਵਧਾ ਕੇ ਉਸ ਵਿੱਚ ਆਲੂਆਂ ਅਤੇ ਕਣਕ ਦੀ ਕਾਸ਼ਤ ਕਰਦਾ ਹੈ।

ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਜਤਿੰਦਰ ਸਿੰਘ ਨੇ ਇਸ ਤਰੀਕੇ ਨਾਲ ਨਾ ਸਿਰਫ਼ ਖੇਤੀ ਦੀ ਲਾਗਤ ਘਟਾਈ ਹੈ, ਬਲਕਿ ਖੇਤ ਦੀ ਮਿੱਟੀ ਦੀ ਸਿਹਤ ਵਿੱਚ ਵੀ ਸੁਧਾਰ ਕੀਤਾ ਹੈ। ਉਸਦੀ ਇਸ ਪਹਿਲ ਨੇ ਹੋਰ ਕਿਸਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਕੇ ਜ਼ਿਲ੍ਹੇ ਵਿੱਚ ਇੱਕ ਨਵਾਂ ਪੈਮਾਨਾ ਸਥਾਪਤ ਕੀਤਾ ਹੈ।

ਜਤਿੰਦਰ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਤੋਂ ਬਾਅਦ ਸੁੰਡੀ ਦਾ ਕੋਈ ਹਮਲਾ ਨਹੀਂ ਹੋਇਆ। ਉਸਦੇ ਮੁਤਾਬਕ, ਮਿੱਟੀ ਦੀ ਸਿਹਤ ਅਤੇ ਫ਼ਸਲ ਦੀ ਗੁਣਵੱਤਾ ਦੋਵਾਂ ਵਿੱਚ ਸੁਧਾਰ ਆ ਗਿਆ ਹੈ। ਉਸਨੇ ਦੱਸਿਆ ਕਿ ਪਰਾਲੀ ਮਿਲਾਉਣ ਨਾਲ ਰਸਾਈਣਿਕ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੇ ਖਰਚੇ ਵਿੱਚ ਵੱਡੀ ਕਮੀ ਆਈ ਹੈ ਅਤੇ ਉਹ ਖੇਤਾਂ ਤੋਂ ਵਧੀਆ ਪੈਦਾਵਾਰ ਲੈ ਰਿਹਾ ਹੈ।

ਇਸ ਤਰੀਕੇ ਨਾਲ ਉਸਨੂੰ ਆਰਥਿਕ ਤੌਰ ’ਤੇ ਵੀ ਵੱਡਾ ਲਾਭ ਮਿਲਿਆ ਹੈ।

ਉਸਨੇ ਕਿਸਾਨਾਂ ਵੀਰਾਂ ਨੂੰ ਸਲਾਹ ਦਿੱਤੀ ਕਿ ਉਹ ਮਿੱਟੀ ਦੀ ਜਾਂਚ ਕਰਵਾ ਕੇ ਮਿੱਟੀ ਸਿਹਤ ਕਾਰਡ ਦੇ ਅਨੁਸਾਰ ਖਾਦਾਂ ਦੀ ਵਰਤੋਂ ਕਰਨ। ਇਸ ਨਾਲ ਖਾਦਾਂ ’ਤੇ ਫ਼ਾਲਤੂ ਖਰਚਾ ਖ਼ਤਮ ਹੋਵੇਗਾ ਅਤੇ ਫ਼ਸਲਾਂ ਦੀ ਪੈਦਾਵਾਰ ਹੋਰ ਸੁਧਰੇਗੀ।

ਡਿਪਟੀ ਕਮਿਸ਼ਨਰ ਬਰਨਾਲਾ ਨੇ ਜਤਿੰਦਰ ਸਿੰਘ ਦੀ ਸ਼ਲਾਘਾ ਕਰਦਿਆਂ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਮਿੱਟੀ ਵਿੱਚ ਮਿਲਾਉਣ। ਇਸ ਤਰੀਕੇ ਨਾਲ ਕਿਸਾਨ ਖੇਤੀ ਦੀ ਲਾਗਤ ਘਟਾ ਸਕਦੇ ਹਨ ਅਤੇ ਮਿੱਟੀ ਦੀ ਉਪਜਾਉ ਸਮਰੱਥਾ ਨੂੰ ਵਧਾ ਸਕਦੇ ਹਨ।#Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate




