ਕੌਮੀ ਲੋਕ ਅਦਾਲਤ ਨੇ ਸੁਲਝਾਏ 4070 ਕੇਸ; ਕਰੀਬ 18 ਕਰੋੜ 28 ਲੱਖ ਰੁਪਏ ਤੋਂ ਵੱਧ ਦੇ ਅਵਾਰਡ ਪਾਸ
ਆਪਸੀ ਸਹਿਮਤੀ ਨਾਲ ਵਿਵਾਦਾਂ ਦਾ ਸਥਾਈ ਹੱਲ, ਸਮੇਂ ਤੇ ਧਨ ਦੀ ਵੀ ਬੱਚਤ: ਜ਼ਿਲ੍ਹਾ ਤੇ ਸੈਸ਼ਨ ਜੱਜ

ਮਾਲੇਰਕੋਟਲਾ, 12 ਸਤੰਬਰ ( ਸੂਤਰ )

ਜ਼ਿਲ੍ਹਾ ਕਚਹਿਰੀਆਂ ਮਾਲੇਰਕੋਟਲਾ ਵਿਖੇ ਲਗਾਈ ਗਈ ਕੌਮੀ ਲੋਕ ਅਦਾਲਤ ਨੇ ਆਪਸੀ ਸਹਿਮਤੀ ਰਾਹੀਂ ਵਿਵਾਦਾਂ ਦੇ ਸੁਖਾਲੇ ਅਤੇ ਸਥਾਈ ਨਿਪਟਾਰੇ ਲਈ ਪ੍ਰਭਾਵਸ਼ਾਲੀ ਮੰਚ ਮੁਹੱਈਆ ਕਰਵਾਇਆ। ਕੌਮੀ ਲੋਕ ਅਦਾਲਤ ਵਿੱਚ ਨਿਪਟਾਰੇ ਲਈ ਰੱਖੇ ਗਏ ਕੁੱਲ 8095 ਕੇਸਾਂ ਵਿੱਚੋਂ 4070 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ ਅਤੇ 18,28,30,002 ਰੁਪਏ ਦੇ ਅਵਾਰਡ ਪਾਸ ਕੀਤੇ ਗਏ।

ਮਾਣਯੋਗ ਜਸਟਿਸ ਦੀਪਕ ਸਿਬਲ, ਜੱਜ, ਪੰਜਾਬ ਅਤੇ ਹਰਿਆਣਾ ਹਾਈ ਕੋਰਟ-ਕਮ-ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਦੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਕੌਮੀ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਲੇਰਕੋਟਲਾ ਸ੍ਰੀ ਅਰੁਣ ਗੁਪਤਾ ਦੀ ਪ੍ਰਧਾਨਗੀ ਅਤੇ ਸਕੱਤਰ ਸ੍ਰੀ ਅਸ਼ੀਸ਼ ਠਠਈ ਦੀ ਦੇਖ-ਰੇਖ ਹੇਠ ਲਗਾਈ ਗਈ।

ਕੇਸਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪੱਧਰ ’ਤੇ ਚਾਰ ਲੋਕ ਅਦਾਲਤ ਬੈਂਚ ਬਣਾਏ ਗਏ। ਇਨ੍ਹਾਂ ਵਿੱਚ ਅਦਾਲਤਾਂ ਵਿੱਚ ਲੰਬਿਤ ਕੇਸਾਂ ਦੇ ਨਾਲ ਪ੍ਰੀ-ਲਿਟੀਗੇਟਿਵ ਮਾਮਲੇ ਵੀ ਵਿਚਾਰੇ ਗਏ। ਸਮਝੌਤਾਯੋਗ ਫ਼ੌਜਦਾਰੀ ਮਾਮਲੇ, ਚੈੱਕ ਬਾਊਂਸ ਨਾਲ ਸਬੰਧਤ ਕੇਸ, ਪੈਸਿਆਂ ਦੀ ਵਸੂਲੀ, ਮੋਟਰ ਹਾਦਸਾ ਕਲੇਮ, ਵਿਆਹ ਸਬੰਧੀ ਵਿਵਾਦ, ਬਿਜਲੀ-ਪਾਣੀ ਦੇ ਬਿੱਲ, ਮਾਲੀਆ ਅਤੇ ਹੋਰ ਦੀਵਾਨੀ ਮਾਮਲੇ ਨਿਪਟਾਰੇ ਲਈ ਰੱਖੇ ਗਏ।

ਲੋਕ ਅਦਾਲਤ ਦੇ ਬੈਂਚਾਂ ਦੀ ਪ੍ਰਧਾਨਗੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਪਰਮਿੰਦਰ ਸਿੰਘ ਗਰੇਵਾਲ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀਮਤੀ ਤੇਜਿੰਦਰਪ੍ਰੀਤ ਕੌਰ, ਸਿਵਲ ਜੱਜ (ਜੂਨੀਅਰ ਡਵੀਜ਼ਨ) ਸ੍ਰੀ ਵਿਸ਼ਵ ਗੁਪਤਾ ਅਤੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਸ੍ਰੀਮਤੀ ਕਾਜਲ ਵੱਲੋਂ ਕੀਤੀ ਗਈ।

ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਰੁਣ ਗੁਪਤਾ ਨੇ ਕਿਹਾ ਕਿ ਲੋਕ ਅਦਾਲਤਾਂ ਵਿੱਚ ਲੋਕਾਂ ਦਾ ਉਤਸ਼ਾਹ ਇਸ ਗੱਲ ਦਾ ਪ੍ਰਤੀਕ ਹੈ ਕਿ ਆਪਸੀ ਸਹਿਮਤੀ ਨਾਲ ਵਿਵਾਦ ਸੁਲਝਾਉਣ ਪ੍ਰਤੀ ਜਾਗਰੂਕਤਾ ਵਧ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਨਿਪਟਾਏ ਕੇਸ ਵਿੱਚ ਅਦਾ ਕੀਤੀ ਕੋਰਟ ਫੀਸ ਵਾਪਸ ਹੋ ਜਾਂਦੀ ਹੈ, ਧਿਰਾਂ ਦੇ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ ਅਤੇ ਆਪਸੀ ਕੁੜੱਤਣ ਘਟਦੀ ਹੈ। ਲੋਕ ਅਦਾਲਤ ਦਾ ਫ਼ੈਸਲਾ ਅੰਤਿਮ ਹੁੰਦਾ ਹੈ ਅਤੇ ਇਸ ਖ਼ਿਲਾਫ਼ ਅੱਗੇ ਅਪੀਲ ਨਹੀਂ ਹੁੰਦੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੇਤੀ, ਸੁਖਾਲੇ ਅਤੇ ਘੱਟ ਖਰਚੇ ਵਿੱਚ ਨਿਆਂ ਪ੍ਰਾਪਤ ਕਰਨ ਲਈ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।


