ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਅਤੇ ਦਾਅਵੇ ਪੇਸ਼ ਕਰਨ ਦੀ ਆਖਰੀ ਮਿਤੀ – ਡਿਪਟੀ ਕਮਿਸ਼ਨਰ
18 ਸਾਲ ਦੀ ਉਮਰ ਪੂਰੀ ਕਰ ਚੁੱਕੇ ਯੋਗ ਨੌਜਵਾਨ ਫਾਰਮ-6 ਰਾਹੀਂ ਬਣਵਾਉਣ ਆਪਣੀ ਵੋਟ

ਮਾਲੇਰਕੋਟਲਾ, 11 ਸਤੰਬਰ ( ਸੂਤਰ )

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਰਾਜ ਐਸ. ਤਿੜਕੇ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਪੈਸ਼ਲ ਇੰਟੈਂਸਿਵ ਰੀਵਿਜ਼ਨ (SIR)-2026 ਤਹਿਤ ਜੇਕਰ ਕੋਈ ਯੋਗ ਨਾਗਰਿਕ ਵੋਟਰ ਵਜੋਂ ਰਜਿਸਟਰ ਹੋਣ ਤੋਂ ਰਹਿ ਗਿਆ ਹੈ ਤਾਂ ਉਹ 12 ਸਤੰਬਰ ਤੱਕ ਆਪਣਾ ਦਾਅਵਾ ਪੇਸ਼ ਕਰਨ।

ਉਨ੍ਹਾਂ ਦੱਸਿਆ ਕਿ ਨਵੀਂ ਵੋਟ ਬਣਵਾਉਣ ਲਈ ਫਾਰਮ ਨੰਬਰ-6 ਭਰਿਆ ਜਾ ਸਕਦਾ ਹੈ, ਜਦਕਿ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਕਿਸੇ ਐਂਟਰੀ ਸਬੰਧੀ ਦਾਅਵਾ ਜਾਂ ਸੋਧ ਲਈ ਫਾਰਮ ਨੰਬਰ-8 ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮਿਤੀ 01 ਅਕਤੂਬਰ 2026 ਦੇ ਆਧਾਰ ਤੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਵੀ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਫਾਰਮ ਨੰਬਰ-6 ਭਰ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਗਰਿਕ ਆਪਣੇ ਦਾਅਵੇ ਸਬੰਧਤ ਈ.ਆਰ.ਓ. ਦਫ਼ਤਰ, ਸਬੰਧਤ ਬੀ.ਐਲ.ਓ. ਰਾਹੀਂ ਜਾਂ voters.eci.gov.in ਪੋਰਟਲ ਅਤੇ ECINET ਮੋਬਾਈਲ ਐਪ ਰਾਹੀਂ ਪੇਸ਼ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਅਤੇ ਵੋਟਰ ਸੂਚੀ ਵਿੱਚ ਦਰਜ ਵੇਰਵਿਆਂ ਦੀ ਜਾਂਚ ਕਰਕੇ, ਜੇਕਰ ਕੋਈ ਤਰੁੱਟੀ ਜਾਂ ਸੋਧ ਦੀ ਲੋੜ ਹੋਵੇ, ਤਾਂ ਇਸ ਸਬੰਧੀ ਲੋੜੀਦੀ ਕਾਰਵਾਈ ਕਰਕੇ ਆਪਣੇ ਨਾਮ ਤੇ ਵੇਰਵੇ ਸਹੀ ਹੋਣ ਨੂੰ ਯਕੀਨੀ ਬਣਾਉਣ।



