ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਪੰਜਾਬ ਦੀ ਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਿਆ: ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ
ਅਮਰਗੜ੍ਹ ਬਲਾਕ ਦੀਆਂ ਖੇਡਾਂ 10 ਤੇ 11 ਸਤੰਬਰ, ਅਹਿਮਦਗੜ੍ਹ ਬਲਾਕ ਦੇ ਮੁਕਾਬਲੇ 14 ਤੇ 15 ਸਤੰਬਰ ਨੂੰ; ਖਿਡਾਰੀ ਵੱਧ-ਚੜ੍ਹ ਕੇ ਕਰਵਾਉਣ ਰਜਿਸਟ੍ਰੇਸ਼ਨ

ਅਮਰਗੜ੍ਹ 9 ਸਤੰਬਰ ( ਸੂਤਰ )

ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਇਹ ਉਪਰਾਲਾ ਬੇਹੱਦ ਸਾਰਥਕ ਸਾਬਤ ਹੋ ਰਿਹਾ ਹੈ। ਖੇਡਾਂ ਨਾਲ ਜੁੜ ਕੇ ਨੌਜਵਾਨ ਆਪਣੀ ਊਰਜਾ ਨੂੰ ਉਸਾਰੂ ਦਿਸ਼ਾ ਦੇਣ ਦੇ ਨਾਲ ਨਸ਼ਿਆਂ ਤੋਂ ਦੂਰ ਰਹਿ ਕੇ ਤੰਦਰੁਸਤ ਜੀਵਨ ਵੱਲ ਵਧ ਸਕਦੇ ਹਨ।

ਵਿਧਾਇਕ ਨੇ ਦੱਸਿਆ ਕਿ ਅਮਰਗੜ੍ਹ ਬਲਾਕ ਦੀਆਂ ਖੇਡਾਂ 10 ਅਤੇ 11 ਸਤੰਬਰ ਨੂੰ, ਜਦਕਿ ਅਹਿਮਦਗੜ੍ਹ ਬਲਾਕ ਦੀਆਂ ਖੇਡਾਂ 14 ਅਤੇ 15 ਸਤੰਬਰ ਨੂੰ ਕਰਵਾਈਆਂ ਜਾਣਗੀਆਂ। ਉਨ੍ਹਾਂ ਇਲਾਕੇ ਦੇ ਖਿਡਾਰੀਆਂ, ਨੌਜਵਾਨਾਂ ਅਤੇ ਖੇਡ ਪ੍ਰੇਮੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਦੇ ਚਾਹਵਾਨ ਖਿਡਾਰੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਮੁਕਾਬਲਿਆਂ ਦਾ ਹਿੱਸਾ ਬਣਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਖੇਡਾਂ ਵਿੱਚ ਅਲੱਗ-ਅਲੱਗ ਉਮਰ ਵਰਗਾਂ ਦੇ ਖਿਡਾਰੀਆਂ ਲਈ ਆਪਣਾ ਹੁਨਰ ਵਿਖਾਉਣ ਦੇ ਮੌਕੇ ਹਨ ਅਤੇ ਖੇਡ ਮੈਦਾਨ ਨਵੀਂ ਪ੍ਰਤਿਭਾ ਨੂੰ ਅੱਗੇ ਲਿਆਉਣ ਦਾ ਵਧੀਆ ਜ਼ਰੀਆ ਬਣ ਰਹੇ ਹਨ।

ਉਨ੍ਹਾਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਨੂੰ ਲੋਕਾਂ, ਖ਼ਾਸ ਕਰਕੇ ਨੌਜਵਾਨਾਂ ਦੀ ਰੋਜ਼ਮਰ੍ਹਾ ਜ਼ਿੰਦਗੀ ਨਾਲ ਜੋੜਨ ਲਈ ਬਣਾਇਆ ਗਿਆ ਮਾਹੌਲ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਸਕਾਰਾਤਮਕ ਦਿਸ਼ਾ ਦੇ ਰਿਹਾ ਹੈ। “ਨਸ਼ਿਆਂ ਨੂੰ ਪੰਜਾਬ ਵਿੱਚੋਂ ਭਜਾਉਣਾ ਹੈ ਤਾਂ ਸਾਨੂੰ ਆਪਣੇ ਬੱਚਿਆਂ ਅਤੇ ਨੌਜਵਾਨਾਂ ਅੰਦਰ ਖੇਡਾਂ ਪ੍ਰਤੀ ਰੁਚੀ ਤੇ ਸ਼ੌਕ ਪੈਦਾ ਕਰਨਾ ਪਵੇਗਾ।”ਵਿਧਾਇਕ ਨੇ ਕਿਹਾ ਕਿ ਹੱਸਦਾ, ਖੇਡਦਾ ਅਤੇ ਤੰਦਰੁਸਤ ਪੰਜਾਬ ਉਦੋਂ ਹੀ ਸਾਕਾਰ ਹੋਵੇਗਾ ਜਦੋਂ ਲੋਕ ਖੁਦ ਖੇਡ ਮੈਦਾਨਾਂ ਦਾ ਹਿੱਸਾ ਬਣਨਗੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਅਤੇ ਖਿਡਾਰੀ ਨਿਰਧਾਰਤ ਮਿਤੀਆਂ ਅਨੁਸਾਰ ਆਪਣੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ।




