Uncategorized

ਮਿਸ਼ਨ ਕਲੀਨ ਪੰਜਾਬ’ ਤਹਿਤ ਮਾਲੇਰਕੋਟਲਾ ਵਿੱਚ ਪੰਜਵੇਂ ਦਿਨ ਵੀ ਸਫ਼ਾਈ ਮੁਹਿੰਮ ਜਾਰੀ

ਸਟੇਡੀਅਮ ਰੋਡ ਤੋਂ ਸੱਠਾ ਚੌਂਕ, ਦਿੱਲੀ ਗੇਟ, ਕਲੱਬ ਚੌਂਕ, ਕਾਲਜ ਰੋਡ ਅਤੇ ਬੱਸ ਸਟੈਂਡ ਤੱਕ ਕਰਵਾਈ ਵਿਸ਼ੇਸ਼ ਸਫ਼ਾਈ

ਮਾਲੇਰਕੋਟਲਾ, 2 ਸਤੰਬਰ ( ਸੂਤਰ )


ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਤਹਿਤ ਮਾਲੇਰਕੋਟਲਾ ਸ਼ਹਿਰ ਵਿੱਚ ਮਹਾਂ-ਸਫ਼ਾਈ ਅਭਿਆਨ ਦੇ ਪੰਜਵੇਂ ਦਿਨ ਵੀ ਵਿਆਪਕ ਪੱਧਰ ’ਤੇ ਸਫ਼ਾਈ ਕਾਰਜ ਜਾਰੀ ਰਹੇ। ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਦੀ ਅਗਵਾਈ ਹੇਠ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਅੱਜ ਸਟੇਡੀਅਮ ਰੋਡ ਤੋਂ ਸੱਠਾ ਚੌਂਕ, ਦਿੱਲੀ ਗੇਟ, ਕਲੱਬ ਚੌਂਕ, ਕਾਲਜ ਰੋਡ ਅਤੇ ਬੱਸ ਸਟੈਂਡ ਤੱਕ ਸੜਕਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਵਿਸ਼ੇਸ਼ ਸਫ਼ਾਈ ਕਰਵਾਈ ਗਈ।

ਇਸ ਮੌਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਪੰਜਾਬ ਸਰਕਾਰ ਦਾ ਇੱਕ ਸ਼ਲਾਘਾਯੋਗ ਅਤੇ ਦੂਰਦਰਸ਼ੀ ਉਪਰਾਲਾ ਹੈ, ਜਿਸ ਦਾ ਉਦੇਸ਼ ਸੂਬੇ ਦੇ ਸ਼ਹਿਰਾਂ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਾਤਾਵਰਣ ਪੱਖੋਂ ਬਿਹਤਰ ਬਣਾਉਣਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਵੱਲੋਂ ਸਫ਼ਾਈ, ਸ਼ਹਿਰੀ ਸੁੰਦਰਤਾ ਅਤੇ ਬਿਹਤਰ ਨਾਗਰਿਕ ਸਹੂਲਤਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਰਕਾਰ ਦੇ ਨਾਲ-ਨਾਲ ਲੋਕਾਂ ਦੀ ਸਰਗਰਮ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਸਫ਼ਾਈ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਾਅਦ ਆਪਣੇ ਆਲੇ-ਦੁਆਲੇ, ਮੁਹੱਲੇ ਅਤੇ ਸ਼ਹਿਰ ਨੂੰ ਸਾਫ਼ ਰੱਖਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਸੜਕਾਂ ਜਾਂ ਜਨਤਕ ਥਾਵਾਂ ’ਤੇ ਨਾ ਸੁੱਟਣ ਅਤੇ ਨਿਰਧਾਰਤ ਡਸਟਬਿਨਾਂ ਦੀ ਵਰਤੋਂ ਕਰਨ।

ਵਿਧਾਇਕ ਨੇ ਲੋਕਾਂ ਨੂੰ ਖਾਸ ਤੌਰ ’ਤੇ ਚਾਰ ਪ੍ਰਕਾਰ ਦੇ ਡਸਟਬਿਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਦੀ ਸਹੀ ਢੰਗ ਨਾਲ ਅਲੱਗ-ਅਲੱਗ ਸੰਭਾਲ ਵਾਤਾਵਰਣ ਦੀ ਸੁਰੱਖਿਆ ਅਤੇ ਸਾਫ਼-ਸੁਥਰੇ ਸ਼ਹਿਰ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ “ਮਾਲੇਰਕੋਟਲਾ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਸਰਕਾਰ, ਨਗਰ ਕੌਂਸਲ, ਸਫ਼ਾਈ ਕਰਮਚਾਰੀਆਂ ਅਤੇ ਸ਼ਹਿਰ ਵਾਸੀਆਂ ਦੇ ਸਾਂਝੇ ਯਤਨ ਜ਼ਰੂਰੀ ਹਨ।” ਉਨ੍ਹਾਂ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਨੂੰ ਸਿਰਫ਼ ਇੱਕ ਮੁਹਿੰਮ ਤੱਕ ਸੀਮਤ ਨਾ ਰੱਖ ਕੇ ਇਸ ਨੂੰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਲੋੜ ਹੈ।

ਇਸ ਮੌਕੇ ਮਿਊਂਸਪਲ ਕੌਂਸਲਰ ਮੁਨਸੀ ਫਾਰੂਕ, ਹਾਜੀ ਨੂਰਦੀਨ, ਮੁਹੰਮਦ ਹਨੀਫ਼, ਅਸ਼ਰਫ਼ ਮੋਟਾ, ਮੁਹੰਮਦ ਯੂਨਿਸ, ਸੈਨਟਰੀ ਇੰਸਪੈਕਟਰ ਪਰਮਜੀਤ ਸਿੰਘ, ਅਜ਼ਹਰ ਅਲੀ, ਪ੍ਰਧਾਨ ਸਫ਼ਾਈ ਯੂਨੀਅਨ ਦੀਪਕ ਕੁਮਾਰ ਬੱਗਣ, ਸੀ.ਐੱਫ. ਰਾਜਪਾਲ ਕੌਰ, ਮੋਟੀਵੇਟਰ ਮਾਨਵ, ਰੀਆ ਅਤੇ ਮੁਬੀਨ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!