ਸੁਣਨ ਤੋਂ ਅਸਮਰੱਥ ਲੋੜਵੰਦਾਂ ਲਈ ਰੈੱਡ ਕਰਾਸ ਲਗਾਏਗਾ ਮੁਫ਼ਤ ਹੇਅਰਿੰਗ ਐਂਡ ਵੰਡ ਮੈਗਾ ਕੈਂਪ
31 ਜੁਲਾਈ ਤੱਕ ਕਰਵਾਓ ਰਜਿਸਟ੍ਰੇਸ਼ਨ, ਯੋਗ ਲਾਭਪਾਤਰੀਆਂ ਨੂੰ ਮਿਲਣਗੀਆਂ ਮੁਫ਼ਤ ਸੁਣਨ ਵਾਲੀਆਂ ਮਸ਼ੀਨਾਂ

ਹੁਸ਼ਿਆਰਪੁਰ, 28 ਜੁਲਾਈ ( ਸੂਤਰ )

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਵੱਲੋਂ ਐਲਿਮਕੋ ਮੋਹਾਲੀ ਦੇ ਸਹਿਯੋਗ ਨਾਲ ਸੁਣਨ ਤੋਂ ਅਸਮਰੱਥ ਲੋੜਵੰਦ ਵਿਅਕਤੀਆਂ ਲਈ ਮੁਫ਼ਤ ਸੁਣਨ ਵਾਲੀਆਂ ਮਸ਼ੀਨਾਂ (ਹੇਅਰਿੰਗ ਏਡ) ਵੰਡਣ ਲਈ ਇੱਕ ਮੇਗਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਰਾਹੀਂ ਸੁਣਨ ਦੀ ਸਮਰੱਥਾ ਘੱਟ ਹੋਣ ਕਾਰਨ ਰੋਜ਼ਾਨਾ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਹੇਅਰਿੰਗ ਏਡ ਮੁਹੱਈਆ ਕਰਵਾਏ ਜਾਣਗੇ।

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਕੈਂਪ ਦਾ ਲਾਭ ਲੈਣ ਦੇ ਚਾਹਵਾਨ ਅਤੇ ਯੋਗ ਲਾਭਪਾਤਰੀ ਕਿਸੇ ਵੀ ਕਾਰਜ ਦਿਵਸ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜ਼ਿਲ੍ਹਾ ਰੈੱਡ ਕਰਾਸ ਦਫ਼ਤਰ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇੱਛੁਕ ਵਿਅਕਤੀ ਮੋਬਾਈਲ ਨੰਬਰ 81462-41296 ‘ਤੇ ਸੰਪਰਕ ਕਰਕੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 31 ਜੁਲਾਈ 2026 ਨਿਰਧਾਰਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਅਰਜ਼ੀ ਦੇ ਨਾਲ ਲਾਭਪਾਤਰੀ ਲਈ ਆਪਣਾ ਆਧਾਰ ਕਾਰਡ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਜੇਕਰ ਕਿਸੇ ਬਿਨੈਕਾਰ ਕੋਲ ਸੁਣਨ ਸਬੰਧੀ ਕੋਈ ਨਵਾਂ ਮੈਡੀਕਲ ਸਰਟੀਫਿਕੇਟ ਉਪਲਬੱਧ ਹੈ ਤਾਂ ਉਹ ਵੀ ਅਰਜ਼ੀ ਦੇ ਨਾਲ ਜਮ੍ਹਾਂ ਕਰਵਾਇਆ ਜਾ ਸਕਦਾ ਹੈ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ, ਸਮਾਜਿਕ ਸੰਸਥਾਵਾਂ, ਸਵੈ-ਸੇਵੀ ਸੰਸਥਾਵਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ-ਭਲਾਈ ਕੈਂਪ ਦੀ ਜਾਣਕਾਰੀ ਆਪਣੇ ਆਲੇ-ਦੁਆਲੇ ਰਹਿੰਦੇ ਗਰੀਬ, ਲੋੜਵੰਦ ਅਤੇ ਦਿਵਿਆਂਗ ਵਿਅਕਤੀਆਂ ਤੱਕ ਜ਼ਰੂਰ ਪਹੁੰਚਾਉਣ, ਤਾਂ ਜੋ ਵੱਧ ਤੋਂ ਵੱਧ ਯੋਗ ਵਿਅਕਤੀ ਇਸ ਸਹੂਲਤ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਰੈੱਡ ਕ੍ਰਾਸ ਦਾ ਉਦੇਸ਼ ਹਰ ਅਸਲ ਲੋੜਵੰਦ ਤੱਕ ਸਹਾਇਤਾ ਪਹੁੰਚਾਉਣਾ ਹੈ। ਇਸ ਲਈ ਸਾਰੇ ਯੋਗ ਵਿਅਕਤੀ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਇਸ ਵਿਸ਼ੇਸ਼ ਪਹਿਲ ਦਾ ਲਾਭ ਜ਼ਰੂਰ ਉਠਾਉਣ।




