Uncategorized

ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ ਦੀ ਕਾਊਂਸਲਿੰਗ 27 ਜੁਲਾਈ ਨੂੰ

ਸਿਖਲਾਈ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਮਿਲੇਗਾ 3500 ਰੁਪਏ ਵਜ਼ੀਫ਼ਾ – ਡਿਪਟੀ ਡਾਇਰੈਕਟਰ

ਮਾਲੇਰਕੋਟਲਾ, 24 ਜੁਲਾਈ ( ਵਾਸ਼ਿਸ਼ਟ )


ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਡੇਅਰੀ ਧੰਦੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਮੁਫ਼ਤ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਸੰਗਰੂਰ ਵਿਖੇ 3 ਅਗਸਤ ਤੋਂ ਦੋ ਹਫ਼ਤਿਆਂ ਦਾ ਵਿਸ਼ੇਸ਼ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਕੋਰਸ ਲਈ ਉਮੀਦਵਾਰਾਂ ਦੀ ਕਾਊਂਸਲਿੰਗ ਅਤੇ ਚੋਣ 27 ਜੁਲਾਈ ਨੂੰ ਸਵੇਰੇ 10 ਵਜੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਮਾਲੇਰਕੋਟਲਾ ਦੇ ਦਫ਼ਤਰ ਵਿਖੇ ਕੀਤੀ ਜਾਵੇਗੀ। ਸਿਖਲਾਈ ਪ੍ਰਾਪਤ ਕਰਨ ਵਾਲੇ ਹਰ ਯੋਗ ਉਮੀਦਵਾਰ ਨੂੰ ਸਰਕਾਰ ਵੱਲੋਂ 3500 ਰੁਪਏ ਦਾ ਵਜ਼ੀਫ਼ਾ ਵੀ ਦਿੱਤਾ ਜਾਵੇਗਾ।

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਿਖਲਾਈ ਦੌਰਾਨ ਦੁਧਾਰੂ ਪਸ਼ੂਆਂ ਦੀ ਖਰੀਦ, ਉਨ੍ਹਾਂ ਦੀ ਸਾਂਭ-ਸੰਭਾਲ, ਖੁਰਾਕ, ਨਸਲ ਸੁਧਾਰ, ਡੇਅਰੀ ਪ੍ਰਬੰਧਨ ਅਤੇ ਮੰਡੀਕਰਨ ਸਬੰਧੀ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਿਖਲਾਈ ਪੂਰੀ ਕਰਨ ਤੋਂ ਬਾਅਦ ਲਾਭਪਾਤਰੀਆਂ ਨੂੰ 2, 5 ਅਤੇ 10 ਪਸ਼ੂਆਂ ਦੀਆਂ ਡੇਅਰੀ ਇਕਾਈਆਂ ਸਥਾਪਤ ਕਰਨ ਲਈ ਬੈਂਕ ਕਰਜ਼ਾ ਉਪਲਬਧ ਕਰਵਾਇਆ ਜਾਂਦਾ ਹੈ, ਜਿਸ ‘ਤੇ ਪੰਜਾਬ ਸਰਕਾਰ ਵੱਲੋਂ 33 ਫੀਸਦੀ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਕਾਊਂਸਲਿੰਗ ਸਮੇਂ ਆਪਣੇ ਨਾਲ ਘੱਟੋ-ਘੱਟ ਪੰਜਵੀਂ ਪਾਸ ਦਾ ਸਰਟੀਫਿਕੇਟ, ਅਨੁਸੂਚਿਤ ਜਾਤੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਖਾਤੇ ਦੀ ਕਾਪੀ ਅਤੇ ਇੱਕ ਪਾਸਪੋਰਟ ਸਾਈਜ਼ ਫੋਟੋ ਲਾਜ਼ਮੀ ਲੈ ਕੇ ਆਉਣ। ਉਮੀਦਵਾਰ ਦੀ ਉਮਰ 18 ਤੋਂ 55 ਸਾਲ ਹੋਣੀ ਚਾਹੀਦੀ ਹੈ ਅਤੇ ਉਹ ਪੰਜਾਬ ਦੇ ਪਿੰਡ ਦਾ ਵਸਨੀਕ ਹੋਵੇ। ਇਹ ਸਕੀਮ ਪੁਰਸ਼ਾਂ ਅਤੇ ਮਹਿਲਾਵਾਂ ਦੋਵਾਂ ਲਈ ਹੈ, ਪਰੰਤੂ ਮਹਿਲਾ ਉਮੀਦਵਾਰਾਂ ਵਿੱਚ ਕੇਵਲ ਵਿਆਹੀਆਂ ਔਰਤਾਂ ਹੀ ਯੋਗ ਹੋਣਗੀਆਂ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਮੋਬਾਈਲ ਨੰਬਰ 62849-61498 ਅਤੇ 98788-60929 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!