ਪੁਰਾਣੇ ਦਰੱਖਤਾਂ ਦੀ ਸੰਭਾਲ ਨੂੰ ਲੋਕ ਲਹਿਰ ਬਣਾਉਣਾ ਸਮੇਂ ਦੀ ਅਹਿਮ ਲੋੜ- ਦੀਪਕ ਕਪੂਰ
ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਕਰਨ ਵਾਲਿਆਂ ਖ਼ਿਲਾਫ਼ ਹੋ ਸਕਦੀ ਹੈ ਕਾਨੂੰਨੀ ਕਾਰਵਾਈ, ਕੁਦਰਤੀ ਵਿਰਾਸਤ ਦੀ ਰੱਖਿਆ ਲਈ ਹਰ ਨਾਗਰਿਕ ਨਿਭਾਏ ਆਪਣਾ ਫ਼ਰਜ਼

ਮਾਲੇਰਕੋਟਲਾ, 9 ਜੁਲਾਈ ( ਸੂਤਰ )

ਵਾਤਾਵਰਨ ਦੀ ਸੁਰੱਖਿਆ ਸਿਰਫ਼ ਨਵੇਂ ਬੂਟੇ ਲਗਾਉਣ ਤੱਕ ਸੀਮਤ ਨਹੀਂ, ਸਗੋਂ ਸਦੀਆਂ ਪੁਰਾਣੇ ਦਰੱਖਤਾਂ ਦੀ ਸੰਭਾਲ ਅਤੇ ਸੁਰੱਖਿਆ ਕਰਨਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸਹਾਇਕ ਲੋਕ ਸੰਪਰਕ ਅਫ਼ਸਰ ਦੀਪਕ ਕਪੂਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਸਾਂਝ ਕੇਂਦਰ ਮਾਲੇਰਕੋਟਲਾ ਅਤੇ ਸਾਂਝ ਕੇਂਦਰ ਅਹਿਮਦਗੜ੍ਹ ਦੇ ਸਹਿਯੋਗ ਨਾਲ ਕਰਵਾਏ ਗਏ ਵਾਤਾਵਰਨ ਜਾਗਰੂਕਤਾ ਸਮਾਗਮ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਸਕੂਲ ਕੈਂਪਸ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਅਤੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪਟਿਆਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਦੀਆਂ ਪੁਰਾਣੇ ਪਿੱਪਲ ਦੇ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਦਾ ਮਾਮਲਾ ਸਾਹਮਣੇ ਆਇਆ, ਜਿਸ ਕਾਰਨ ਦਰਜਨਾਂ ਪੰਛੀਆਂ ਦੇ ਆਲ੍ਹਣੇ ਤਬਾਹ ਹੋ ਗਏ ਅਤੇ ਕਈ ਪੰਛੀਆਂ ਦੇ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜੰਗਲੀ ਜੀਵ ਸੁਰੱਖਿਆ ਕਾਨੂੰਨ ਤਹਿਤ ਪੁਲਿਸ ਕੇਸ ਦਰਜ ਹੋਣਾ ਇਹ ਸੰਦੇਸ਼ ਦਿੰਦਾ ਹੈ ਕਿ ਕੁਦਰਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕਾਨੂੰਨ ਵੀ ਸਖ਼ਤੀ ਨਾਲ ਕਾਰਵਾਈ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਇੱਕ ਪੁਰਾਣਾ ਦਰੱਖਤ ਸਿਰਫ਼ ਲੱਕੜ ਦਾ ਸਰੋਤ ਨਹੀਂ ਹੁੰਦਾ, ਸਗੋਂ ਇਹ ਹਜ਼ਾਰਾਂ ਪੰਛੀਆਂ, ਜੀਵ-ਜੰਤੂਆਂ,ਕੀੜੇ-ਮਕੌੜਿਆਂ ਅਤੇ ਹੋਰ ਬਨਸਪਤੀ ਲਈ ਕੁਦਰਤੀ ਆਸਰਾ ਹੁੰਦਾ ਹੈ। ਅਜਿਹੇ ਦਰੱਖਤਾਂ ਦੀ ਕਟਾਈ ਨਾਲ ਸਿਰਫ਼ ਹਰਿਆਲੀ ਹੀ ਨਹੀਂ, ਸਗੋਂ ਪੂਰਾ ਵਾਤਾਵਰਨਕ ਤੰਤਰ ਪ੍ਰਭਾਵਿਤ ਹੁੰਦਾ ਹੈ।

ਸਹਾਇਕ ਲੋਕ ਸੰਪਰਕ ਅਫ਼ਸਰ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਦਰੱਖਤਾਂ ਦੀ ਸੰਭਾਲ ਨੂੰ ਇੱਕ ਲੋਕ ਲਹਿਰ ਵਿੱਚ ਤਬਦੀਲ ਕਰਨ ਅਤੇ ਆਪਣੇ ਆਲੇ-ਦੁਆਲੇ ਮੌਜੂਦ ਪੁਰਾਣੇ ਦਰੱਖਤਾਂ ਦੀ ਰੱਖਿਆ ਲਈ ਸਮਾਜ ਨੂੰ ਜਾਗਰੂਕ ਕਰਨ। ਉਨ੍ਹਾਂ ਕਿਹਾ ਕਿ ਬਨਸਪਤੀ ਨਾਲ ਸਾਂਝ ਪੈਦਾ ਕਰਕੇ ਹੀ ਅਸੀਂ ਇੱਕ ਸੰਵੇਦਨਸ਼ੀਲ, ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਨਾਲ ਹੀ ਉਨ੍ਹਾਂ ਕਿਹਾ ਕਿ ਦਰੱਖਤਾਂ ਦੀ ਰੱਖਿਆ ਕਰਕੇ ਹੀ ਅਸੀਂ ਪੰਛੀਆਂ, ਜੈਵ ਵਿਭਿੰਨਤਾ ਅਤੇ ਕੁਦਰਤ ਦੀਆਂ ਹੋਰ ਅਨਮੋਲ ਦਾਤਾਂ ਨੂੰ ਨਸ਼ਟ ਹੋਣ ਤੋਂ ਬਚਾ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਜੇਕਰ ਕਿਤੇ ਵੀ ਦਰੱਖਤਾਂ ਦੀ ਗੈਰ-ਕਾਨੂੰਨੀ ਕਟਾਈ ਹੋ ਰਹੀ ਹੋਵੇ ਤਾਂ ਤੁਰੰਤ ਸਬੰਧਤ ਵਿਭਾਗ ਨੂੰ ਸੂਚਿਤ ਕਰੇ, ਤਾਂ ਜੋ ਸਮੇਂ ਸਿਰ ਕਾਰਵਾਈ ਕਰਕੇ ਕੁਦਰਤੀ ਵਿਰਾਸਤ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਆਰਤੀ ਗੁਪਤਾ, ਜ਼ਿਲ੍ਹਾ ਸਟੂਡੈਂਟ ਪੁਲਿਸ ਨੋਡਲ ਅਫ਼ਸਰ ਅਤੇ ਨੈਸ਼ਨਲ ਅਵਾਰਡੀ ਪ੍ਰੇਮ ਸਿੰਘ, ਕਾਮਰਸ ਲੈਕਚਰਾਰ ਗੁਰਜੀਵਨ ਸਿੰਘ, ਕੁਲਦੀਪ ਸਿੰਘ , ਖਲੀਲ ਮੁਹੰਮਦ, ਜਰਨੈਲ ਸਿੰਘ, ਹਰਜੀਤ ਕੌਰ ਰਾਜੇਸ਼ ਕੁਮਾਰ (ਸਾਰੇ ਲੈਕਚਰਾਰ), ਕੁਨਾਲ ਕਪੂਰ, ਦਵਿੰਦਰ ਸਿੰਘ, ਰਮਨਦੀਪ ਸਿੰਘ ਸਮੇਤ ਸਕੂਲ ਦਾ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।




