ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਸੰਦੇਸ਼ ਘਰ ਘਰ ਪਹੁੰਚਾਉਣ ਲਈ ਵੈਨ ਰਾਹੀਂ ਹਰ ਪਿੰਡ ਵਿੱਚ ਦਿਖਾਈ ਜਾਵੇਗੀ ਵਿਸ਼ੇਸ ਡਾਕੂਮੈਂਟਰੀ
ਡਿਪਟੀ ਕਮਿਸ਼ਨਰ ਨਵਜੋਤ ਕੌਰ ਵੱਲੋਂ ਇਸ ਵਿਸ਼ੇਸ਼ ਮੁਹਿੰਮ ਦੇ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

ਮਾਨਸਾ, 2 ਜੁਲਾਈ ( ਸੂਤਰ )

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਮਾਨਸਾ ਦੇ ਪਿੰਡਾਂ ਵਿਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸ਼ਰਧਾ ਪੂਰਵਕ ਮਨਾਉਣ ਅਤੇ ਉਨ੍ਹਾਂ ਦੇ ਜੀਵਨ ਫਲਸਫ਼ੇ ਅਤੇ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਲਈ ਜਲਦੀ ਹੀ ਵਿਸ਼ੇਸ ਡਾਕੂਮੈਂਟਰੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 12 ਫੁੱਟ x 8 ਫੁੱਟ ਦੀ ਵੱਡੀ ਐਲ.ਈ.ਡੀ ਸਕਰੀਨ ਵਾਲੀ ਵੈਨ, ਜ਼ਿਲ੍ਹਾ ਮਾਨਸਾ ਦੇ ਸਾਰੇ ਪਿੰਡਾਂ ਨੂੰ ਕਵਰ ਕਰੇਗੀ ਅਤੇ ਰੋਜ਼ਾਨਾ ਸ਼ਾਮ ਨੂੰ ਦੋ ਪਿੰਡਾਂ ਵਿੱਚ, ਇਸ ਵੈਨ ਰਾਹੀਂ ਇਹ ਡਾਕੂਮੈਂਟਰੀ ਦਿਖਾਈ ਜਾਵੇਗੀ ਤਾਂ ਜੋ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਹਰ ਘਰ ਤੱਕ ਪਹੁੰਚ ਸਕਣ। ਉਨ੍ਹਾਂ ਦੱਸਿਆ ਕਿ ਇਹ ਦਸਤਾਵੇਜ਼ੀ, 30 ਮਿੰਟ ਦੀ ਹੋਵੇਗੀ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਹਦਾਇਤ ਕੀਤੀ ਕਿ ਉਹ ਸਬ ਡਵੀਜ਼ਨ ਪੱਧਰ ਉਤੇ ਇਸਦੀ ਨਿਗਰਾਨੀ ਕਰਨ ਨੂੰ ਯਕੀਨੀ ਬਣਾਉਣ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਜ਼ਿਲ੍ਹਾ ਪੱਧਰ ਉਤੇ ਇਸਦੀ ਨਿਗਰਾਨੀ ਕਰਨਗੇ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਸਮੁੱਚੇ ਸੁਰੱਖਿਆ ਪ੍ਰਬੰਧ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਪਿੰਡਾਂ ਵਿੱਚ ਢੁਕਵੀਂ ਜਗ੍ਹਾ ਦੀ ਚੋਣ, ਸੰਗਤ ਲਈ ਬੈਠਣ ਵਿਵਸਥਾ ਤੇ ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧ, ਸਾਫ ਸਫਾਈ, ਰੌਸ਼ਨੀ ਵਿਵਸਥਾ ਆਦਿ ਨੂੰ ਵੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ, ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ, ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗੁਰਮੀਤ ਕੁਮਾਰ, ਐਸ ਪੀ ਮਨਮਹੋਨ ਸਿੰਘ ਔਲਖ, ਡੀਐਸਪੀ ਹਰਜਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ ਨੀਲਮ ਰਾਣੀ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।




