Uncategorized

ਬਰਨਾਲਾ ਵਿੱਚ 0 ਤੋਂ 5 ਸਾਲ ਦੇ 51,746 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ: ਸਿਵਲ ਸਰਜਨ

ਦੂਜੇ ਅਤੇ ਤੀਜੇ ਦਿਨ ਘਰ-ਘਰ ਜਾ ਕੇ ਪਿਲਾਈਆਂ ਜਾਣਗੀਆਂ ਬੂੰਦਾਂ

ਬਰਨਾਲਾ, 29 ਜੂਨ ( ਸੂਤਰ )


ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ 0 ਤੋਂ 5 ਸਾਲ ਤੱਕ ਦੇ 51,746 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।

ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੱਚਿਆਂ ਨੂੰ ਪੋਲੀਓ ਵਰਗੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ।

ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਹਰਜੀਤ ਸਿੰਘ ਨੇ ਮੁਹਿੰਮ ਦੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹਾ ਬਰਨਾਲਾ ਅਧੀਨ 224 ਰੈਗੂਲਰ ਬੂਥਾਂ, 9 ਟ੍ਰਾਂਜਿਟ ਅਤੇ 12 ਮੋਬਾਈਲ ਟੀਮਾਂ ਰਾਹੀਂ 5 ਸਾਲ ਤੋਂ ਛੋਟੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਮੁਹਿੰਮ ਦੇ ਦੂਜੇ ਦਿਨ ਅਤੇ ਤੀਜੇ ਦਿਨ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਉਨ੍ਹਾਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਜੋ ਕਿਸੇ ਕਾਰਨ ਬੂਥਾਂ ‘ਤੇ ਦਵਾਈ ਪੀਣ ਤੋਂ ਵਾਂਝੇ ਰਹਿ ਗਏ ਹਨ।

ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਸਿਹਤ ਸੁਪਰਵਾਈਜ਼ਰ ਜਗਦੇਵ ਸਿੰਘ ਮੌੜ ਨੇ ਦੱਸਿਆ ਕਿ ਕੋਈ ਵੀ ਬੱਚਾ ਪੋਲੀਓ ਬੂੰਦਾਂ ਤੋਂ ਵਾਂਝਾ ਨਾ ਰਹੇ, ਇਸ ਲਈ ਮੋਬਾਇਲ ਟੀਮਾਂ ਦੁਆਰਾ ਵਿਸ਼ੇਸ਼ ਥਾਵਾਂ ‘ਤੇ ਜਾ ਕੇ ਕਵਰੇਜ ਕੀਤੀ ਜਾਵੇਗੀ। ਇਨ੍ਹਾਂ ਟੀਮਾਂ ਵੱਲੋਂ ਭੱਠਿਆਂ, ਫੈਕਟਰੀਆਂ, ਝੁੱਗੀਆਂ-ਝੌਂਪੜੀਆਂ, ਟੱਪਰੀਵਾਸਾਂ ਦੇ ਟਿਕਾਣਿਆਂ ‘ਤੇ ਅਤੇ ਨਿਰਮਾਣ ਅਧੀਨ ਇਮਾਰਤਾਂ ਵਿੱਚ ਰਹਿ ਰਹੇ ਮਜ਼ਦੂਰਾਂ ਦੇ ਬੱਚਿਆਂ ਤੱਕ ਪਹੁੰਚ ਕੀਤੀ ਜਾਵੇਗੀ।

ਸਿਹਤ ਵਿਭਾਗ ਵੱਲੋਂ ਆਮ ਜਨਤਾ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ 0 ਤੋਂ 5 ਸਾਲ ਦੇ ਹਰੇਕ ਬੱਚੇ ਨੂੰ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਲਾਉਣ। ਇਸ ਰਾਸ਼ਟਰੀ ਮੁਹਿੰਮ ਨੂੰ 100 ਫੀਸਦੀ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਆਸ਼ਾ ਵਰਕਰਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!