Uncategorized

ਤੰਬਾਕੂ ਨੂੰ ਕਹੋ ‘ਨਾ’, ਸਿਹਤਮੰਦ ਜੀਵਨ ਨੂੰ ਕਹੋ ‘ਹਾਂ’: ਸਿਹਤ ਵਿਭਾਗ ਦੀ ਜਾਗਰੂਕਤਾ ਮੁਹਿੰਮ, ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ

ਜੰਡਵਾਲਾ ਭੀਮੇਸ਼ਾਹ (ਫਾਜ਼ਿਲਕਾ) 29 ਜੂਨ ( ਸੂਤਰ )


ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ, ਜ਼ਿਲ੍ਹਾ ਐੱਨ.ਟੀ.ਸੀ.ਪੀ. ਨੋਡਲ ਅਫ਼ਸਰ ਡਾ. ਪੰਕਜ ਚੌਹਾਨ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸੁਨੀਤਾ ਕੰਬੋਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਐੱਚ.ਸੀ. ਜੰਡਵਾਲਾ ਭੀਮੇਸ਼ਾਹ ਦੇ ਐੱਸ.ਐੱਮ.ਓ. ਡਾ. ਵਿਕਾਸ ਗਾਂਧੀ ਦੀ ਅਗਵਾਈ ਹੇਠ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ (ਐੱਨ.ਟੀ.ਸੀ.ਪੀ.) ਤਹਿਤ ਸਬ ਸੈਂਟਰ ਖੁੜੰਜ ਵਿਖੇ ਤੰਬਾਕੂ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ।

ਕੈਂਪ ਦੌਰਾਨ ਬਲਾਕ ਐੱਨ.ਟੀ.ਸੀ.ਪੀ. ਨੋਡਲ ਅਫ਼ਸਰ ਸੁਮਨ ਕੁਮਾਰ ਨੇ ਆਸ਼ਾ ਵਰਕਰਾਂ ਨੂੰ ਤੰਬਾਕੂ ਕੰਟਰੋਲ ਪ੍ਰੋਗਰਾਮ ਅਤੇ ਕੋਟਪਾ ਐਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਗਰੂਕ ਕਰਨ ਅਤੇ ਤੰਬਾਕੂ ਛੱਡਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੰਬਾਕੂ ਦਿਲ ਦੀਆਂ ਬਿਮਾਰੀਆਂ, ਫੇਫੜਿਆਂ ਦੇ ਰੋਗਾਂ, ਮੂੰਹ ਦੇ ਕੈਂਸਰ ਅਤੇ ਹੋਰ ਕਈ ਜਾਨਲੇਵਾ ਬਿਮਾਰੀਆਂ ਦਾ ਮੁੱਖ ਕਾਰਨ ਹੈ।

ਇਸ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਟਪਾ ਐਕਟ ਦੀ ਪਾਲਣਾ ਯਕੀਨੀ ਬਣਾਉਣ ਲਈ ਦੁਕਾਨਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੌਕੇ ‘ਤੇ ਹੀ ਕਾਰਵਾਈ ਕਰਦਿਆਂ ਜੁਰਮਾਨੇ ਕੀਤੇ ਗਏ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਨਾਬਾਲਗਾਂ ਨੂੰ ਤੰਬਾਕੂ ਉਤਪਾਦ ਨਾ ਵੇਚਣ ਅਤੇ ਤੰਬਾਕੂ ਸਬੰਧੀ ਕਾਨੂੰਨੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਵੀ ਦਿੱਤੀ ਗਈ।

ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੰਬਾਕੂ ਤੋਂ ਦੂਰ ਰਹਿ ਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਸੰਭਾਲ ਕਰਨ ਅਤੇ ਤੰਬਾਕੂ-ਮੁਕਤ ਸਮਾਜ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਬਲਾਕ ਐੱਨ.ਟੀ.ਸੀ.ਪੀ. ਨੋਡਲ ਅਫ਼ਸਰ ਸੁਮਨ ਕੁਮਾਰ, ਬਲਾਕ ਐੱਨ.ਟੀ.ਸੀ.ਪੀ. ਡੀਲਿੰਗ ਜਸਪਾਲ ਸਿੰਘ ਸਿੱਧੂ, ਐੱਮ.ਪੀ.ਐੱਚ.ਡਬਲਯੂ. ਅਮਨਦੀਪ ਕੌਰ, ਆਸ਼ਾ ਫੈਸੀਲੀਟੇਟਰ ਬਲਵਿੰਦਰ ਕੌਰ, ਆਸ਼ਾ ਵਰਕਰ ਪਰਮਜੀਤ ਕੌਰ, ਮਨਜੀਤ ਕੌਰ, ਬਿਮਲਾ ਰਾਣੀ, ਮਨਜੀਤ ਕੌਰ, ਪਰਮਜੀਤ ਕੌਰ ਅਤੇ ਅਮਨਦੀਪ ਕੌਰ, ਟੀਮ ਮੈਂਬਰ ਸੂਰਜ, ਪਤਵੰਤੇ ਸੱਜਣ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!