ਵਿਸ਼ੇਸ਼ ਗਹਿਰੀ ਸੁਧਾਈ: ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰਾਂ ਵਲੋਂ ਹਲਕਾ ਪੱਧਰੀ ਮਾਸਟਰ ਟਰੇਨਰਾਂ, ਟੈਕਨੀਕਲ ਸਟਾਫ ਤੇ ਬੀ.ਐਲ.ਓ ਸੁਪਰਵਾਈਜ਼ਰਾਂ ਦੀ ਟ੍ਰੇਨਿੰਗ
ਐੱਸ ਆਈ ਆਰ 2026 ਦੀ ਪ੍ਰਕਿਰਿਆ ਅਤੇ ਗਣਨਾ ਫਾਰਮ ਭਰਨ ਦੇ ਸਹੀ ਤਰੀਕੇ ਬਾਰੇ ਦਿੱਤੀ ਜਾਣਕਾਰੀ

ਬਰਨਾਲਾ 14 ਜੂਨ ( ਸੂਤਰ )
ਪੰਜਾਬ ਵਿੱਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਨਟੈਂਸਿਵ ਰਵੀਜ਼ਨ 2026 ਦੀ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਆਈ.ਏ. ਐੱਸ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰਾਂ ਵੱਲੋਂ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ) ਅਤੇ 103-ਬਰਨਾਲਾ ਦੇ ਹਲਕਾ ਪੱਧਰੀ ਮਾਸਟਰ ਟਰੇਨਰਾਂ, ਟੈਕਨੀਕਲ ਸਟਾਫ ਤੇ ਬੀ.ਐਲ.ਓ ਸੁਪਰਵਾਈਜ਼ਰਾਂ ਨੂੰ ਸੰਖੇਪ ਟਰੇਨਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਿੱਤੀ ਗਈ।



ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਵਿਵੇਕ ਕੁਮਾਰ ਮੋਦੀ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਜ਼ਿਲ੍ਹਾ ਪੱਧਰੀ ਮਾਸਟਰ ਟਰੇਨਰ ਵੱਲੋਂ ਵਿਧਾਨ ਸਭਾ ਚੋਣ ਹਲਕਾ ਪੱਧਰੀ ਮਾਸਟਰ ਟਰੇਨਰਾਂ, ਸਮੂਹ ਬੀ.ਐਲ.ਓ ਸੁਪਰਵਾਈਜ਼ਰਾਂ ਅਤੇ ਟੈਕਨੀਕਲ ਸਟਾਫ ਨੂੰ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ 2026 ਦੀ ਸੋਧ ਪ੍ਰਕਿਰਿਆ ਅਤੇ ਗਣਨਾ ਫਾਰਮ ਭਰਨ ਦੇ ਸਹੀ ਤਰੀਕੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾਂ ਨੂੰ ਫਾਰਮ ਵਿੱਚ ਦਰਜ ਕੀਤੇ ਜਾਣ ਵਾਲੇ ਵੇਰਵਿਆਂ, ਲੋੜੀਂਦੇ ਦਸਤਾਵੇਜਾਂ ਅਤੇ ਆਨਲਾਈਨ ਅਪਲੋਡਿੰਗ ਪ੍ਰਕਿਰਿਆ ਤੋਂ ਵੀ ਜਾਣੂ ਕਰਵਾਇਆ ਗਿਆ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ SIR 2026 ਦਾ ਉਦੇਸ਼ ਹਰ ਯੋਗ ਵੋਟਰ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਹਰ ਅਯੋਗ ਵੋਟਰ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰਨਾ ਅਤੇ ਵੋਟਰ ਸੂਚੀ ਨੂੰ 100 ਪ੍ਰਤੀਸ਼ਤ ਸ਼ੁੱਧ ਕਰਨਾ ਹੈ। ਇਸ ਲਈ ਹਰੇਕ ਬੀ.ਐਲ.ਓ ਮਿਤੀ 25.06.2026 ਤੋਂ 24.07.2026 ਤੱਕ ਆਪਣੇ ਆਪਣੇ ਖੇਤਰ ਵਿੱਚ ਘਰ-ਘਰ ਜਾ ਕੇ ਗਣਨਾ ਫਾਰਮ ਭਰਨ ਦਾ ਕੰਮ ਪੂਰੀ ਤਨਦੇਹੀ ਅਤੇ ਨਿਰਪੱਖਤਾ ਨਾਲ ਕਰੇ। ਉਨ੍ਹਾਂ ਕਿਹਾ ਕਿ ਫਾਰਮ ਭਰਨ ਸਮੇਂ ਕੋਈ ਵੀ ਯੋਗ ਵੋਟਰ ਦਾ ਨਾਮ ਨਾ ਛੁੱਟਣ ਦਿੱਤਾ ਜਾਵੇ ਅਤੇ ਕੋਈ ਵੀ ਗਲਤ ਜਾਣਕਾਰੀ ਦਰਜ ਨਾ ਕੀਤੀ ਜਾਵੇ। ਗਣਨਾ ਫਾਰਮ ਭਰਨ ਲਈ ਵੋਟਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇ।

ਇਸ ਟਰੇਨਿੰਗ ਦੌਰਾਨ ਸ਼੍ਰੀ ਰਾਮਜੀ ਲਾਲ, ਚੋਣ ਤਹਿਸੀਲਦਾਰ, ਸ਼੍ਰੀ ਮਨਜੀਤ ਸਿੰਘ, ਚੋਣ ਕਾਨੂੰਗੋ, ਸ਼੍ਰੀ ਹਰੀਸ਼ ਬਾਂਸਲ, ਪ੍ਰਿੰਸੀਪਲ, ਸ਼੍ਰੀ ਜਸਵਿੰਦਰ ਸਿੰਘ, ਲੈਕਚਰਾਰ, ਸ਼੍ਰੀ ਰਾਜੇਸ਼ ਕੁਮਾਰ, ਪ੍ਰਿੰਸੀਪਲ ਤੇ ਹੋਰ ਚੋਣ ਅਮਲਾ ਮੌਜੂਦ ਸੀ।




