ਚੰਗਾ ਸਾਹਿਤ ਮਨੁੱਖ ਨੂੰ ਹਰ ਦੁੱਖ-ਸੁੱਖ ਹੰਢਾਉਣਾ ਸਿਖਾਉਂਦਾ ਹੈ: ਸ. ਜਸਵੰਤ ਸਿੰਘ ਜ਼ਫ਼ਰ
ਕਿਤਾਬਾਂ ਪੜ੍ਹਕੇ ਇਨਸਾਨ ਕਈ ਜ਼ਿੰਦਗੀਆਂ ਜਿਉਂ ਲੈਂਦਾ ਹੈ: ਡਾ. ਬਲਵਿੰਦਰ ਕੌਰ ਬਰਾੜ

ਪਟਿਆਲਾ 22 ਅਪ੍ਰੈਲ ( ਸੂਤਰ )

ਪੰਜਾਬ ਸਰਕਾਰ ਦੀ ਸਰਪ੍ਰਸਤੀ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਭਾਸ਼ਾਵਾਂ ਦੀ ਦੇਖ-ਰੇਖ ’ਚ ਕਰਵਾਈ ਗਈ ਮਹੀਨਾਵਾਰ ‘ਪੁਸਤਕ ਬੈਠਕ’ ਦੌਰਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਮੁਖੀ ਤੇ ਸਾਹਿਤਕਾਰਾ ਡਾ. ਬਲਵਿੰਦਰ ਕੌਰ ਬਰਾੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਜਿੱਥੇ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪਿਛਲੇ ਮਹੀਨੇ ਪੜ੍ਹੀਆਂ ਪੁਸਤਕਾਂ ਦੇ ਅਨੁਭਵ ਸਾਂਝੇ ਕੀਤੇ ਉੱਥੇ ਡਾ. ਬਰਾੜ ਨੇ ਪੁਸਤਕ ਦੀ ਅਹਿਮੀਅਤ ਬਾਰੇ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ।

ਡਾ. ਬਲਵਿੰਦਰ ਕੌਰ ਬਰਾੜ ਨੇ ਕਿਹਾ ਕਿ ਕਿਤਾਬਾਂ ਪੜ੍ਹਨ ਵਾਲਾ ਬੰਦਾ ਕਈ ਜ਼ਿੰਦਗੀਆਂ ਜਿਉਂ ਲੈਂਦਾ ਹੈ ਜਦੋਂ ਕਿ ਪੁਸਤਕ ਸੱਭਿਆਚਾਰ ਤੋਂ ਕੋਰਾ ਵਿਅਕਤੀ ਇੱਕ ਜੂਨ ਭੋਗ ਕੇ ਹੀ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੱਭਿਅਕ ਮਨੁੱਖ ਕਿਵੇਂ ਬਣਨਾ ਹੈ ਇਹ ਸਾਨੂੰ ਸਾਹਿਤ ਹੀ ਸਿਖਾਉਂਦਾ ਹੈ। ਪਹਿਨੀਆਂ ਜਾਣ ਵਾਲੀਆਂ ਚੀਜ਼ਾਂ ਤਾਂ ਦਿਖਾਵਾ ਮਾਤਰ ਹੀ ਹੁੰਦੀਆਂ ਹਨ ਜਦੋਂਕਿ ਅੱਖਰ ਗਿਆਨ ਮਨੁੱਖ ਦੀ ਸ਼ਖ਼ਸੀਅਤ ਨੂੰ ਅੰਦਰੋਂ-ਬਾਹਰੋਂ ਨਿਖਾਰਦਾ ਹੈ।

ਉਨ੍ਹਾਂ ਕਿਹਾ ਕਿ ਅੱਖ਼ਰ ਗਿਆਨ ਮਨੁੱਖ ਨੂੰ ਜਿੱਥੇ ਸਮਾਜ ’ਚ ਵਿਚਰਨ ਦੇ ਸਮਰੱਥ ਬਣਾਉਂਦਾ ਹੈ ਉੱਥੇ ਉਸ ਨੂੰ ਚੰਗੀ ਰੋਟੀ ਖਾਣ ਦੇ ਸਮਰੱਥ ਵੀ ਬਣਾਉਂਦਾ ਹੈ। ਡਾ. ਬਰਾੜ ਨੇ ਕਿਹਾ ਕਿ ਹਰ ਵਿਅਕਤੀ ਮਾਂ ਦੇ ਦੁੱਧ ਨਾਲ ਮਿਲੀ ਬੋਲੀ ਰਾਹੀਂ ਆਪਣੇ ਦੁੱਖ-ਸੁੱਖ, ਖੁਸ਼ੀ-ਗਮੀ ਤੇ ਹਰ ਤਰ੍ਹਾਂ ਦੇ ਵਲਵਲੇ ਸਭ ਤੋਂ ਵਧੀਆ ਤਰੀਕੇ ਨਾਲ ਪ੍ਰਗਟ ਕਰ ਸਕਦਾ ਹੈ।

ਦੂਸਰੀਆਂ ਭਾਸ਼ਾਵਾਂ ਸੰਚਾਰ ਤੇ ਗਿਆਨ ਦਾ ਸਾਧਨ ਤਾਂ ਬਣ ਸਕਦੀਆਂ ਹਨ ਪਰ ਅਹਿਸਾਸਾਂ ਦੇ ਆਦਾਨ-ਪ੍ਰਦਾਨ ਦਾ ਜ਼ਰੀਆ ਨਹੀਂ। ਉਨ੍ਹਾਂ ਕਿਹਾ ਕਿ ਸ਼ਬਦਾਂ ਨੂੰ ਬੋਚੋ, ਸੰਭਾਲੋ ਤੇ ਇਨ੍ਹਾਂ ਦੇ ਲੰਗਰ ਲਗਾਓ ਜੋ ਸਾਨੂੰ ਦੁਨੀਆਦਾਰੀ ਸਮਝਣ ਦੇ ਸਮਰੱਥ ਬਣਾਉਂਦੇ ਹਨ।

ਧੰਨਵਾਦੀ ਭਾਸ਼ਣ ਦੌਰਾਨ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਦਾਨਿਸ਼ਵਰਾਂ ਦੇ ਵਿਚਾਰ ਹਮੇਸ਼ਾ ਹੀ ਸਮਾਜ ਨੂੰ ਸੇਧ ਦਿੰਦੇ ਹਨ। ਉਨ੍ਹਾਂ ਦੁਆਰਾ ਹੰਢਾਏ ਦੁੱਖਾਂ-ਸੁੱਖਾਂ ਤੇ ਸੰਕਟਾਂ ’ਚੋਂ ਪੈਦਾ ਹੋਏ ਤਜ਼ਰਬੇ ਹੀ ਸਾਹਿਤ ਦਾ ਰੂਪ ਧਾਰਨ ਕਰਦੇ ਹਨ ਅਤੇ ਅਜਿਹਾ ਸਾਹਿਤ ਹੀ ਸਮਾਜ ਲਈ ਮਾਰਗਦਰਸ਼ਕ ਬਣਨ ਦੇ ਸਮਰੱਥ ਬਣਦਾ ਹੈ। ਉਨ੍ਹਾਂ ਕਿਹਾ ਕਿ ਡਾ. ਬਰਾੜ ਦੇ ਵਿਚਾਰਾਂ ਤੇ ਸਾਹਿਤ ਤੋਂ ਪਤਾ ਲੱਗਦਾ ਹੈ ਕਿ ਸੰਕਟਾਂ ’ਚੋਂ ਹੀ ਸੰਭਾਵਨਾਵਾਂ ਪੈਦਾ ਹੁੰਦੀਆਂ ਹਨ। ਇਸ ਕਰਕੇ ਸਾਨੂੰ ਸ਼ਬਦ ਤੇ ਸਾਹਿਤ ਦਾ ਪੱਲਾ ਕਦੇ ਵੀ ਨਹੀਂ ਛੱਡਣਾ ਚਾਹੀਦਾ।





