ਐਸ.ਡੀ.ਐਮ. ਅਮਰਗੜ੍ਹ ਨੇ ਪਿੰਡ ਚੰਦੂਰਾਈਆ ਵਿਖੇ “ਮੇਰਾ ਘਰ ਮੇਰੇ ਨਾਮ” ਸਕੀਮ ਤਹਿਤ 21 ਲਾਭਪਾਤਰੀਆਂ ਨੂੰ ਮਾਲਕਾਨਾ ਹੱਕ ਦੇ ਕਾਰਡ ਵੰਡੇ

ਅਮਰਗੜ੍ਹ 16 ਅਪ੍ਰੈਲ ( ਵਾਸ਼ਿਸ਼ਟ )

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਲੋਕ-ਹਿਤੈਸ਼ੀ “ਮੇਰਾ ਘਰ ਮੇਰੇ ਨਾਮ” ਸਕੀਮ ਅਧੀਨ ਤਹਿਸੀਲ ਅਮਰਗੜ ਦੇ ਪਿੰਡ ਚੰਦੂਰਾਈਆ ਵਿਖੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ.ਤਿੜਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋੜਵੰਦਾਂ ਨੂੰ ਮਾਲਕਾਨਾ ਹੱਕ ਦੇ ਕਾਰਡ ਦੇਣ ਲਈ ਵਿਸ਼ੇਸ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਕੁੱਲ 21 ਹੱਕਦਾਰ ਲਾਭਪਾਤਰੀਆਂ ਨੂੰ ਮਾਲਕਾਨਾ ਹੱਕ ਦੇ ਕਾਰਡ ਵੰਡੇ ਗਏ, ਜਿਸ ਨਾਲ ਉਨ੍ਹਾਂ ਨੂੰ ਆਪਣੇ ਘਰਾਂ ‘ਤੇ ਮਾਲਕੀ ਹੱਕ ਪ੍ਰਾਪਤ ਕਰਨ ਲਈ ਸਹਾਇਕ ਸਿੱਧ ਹੋਣਗੇ ।

ਉਪ ਮੰਡਲ ਮੈਜਿਸਟਰੇਟ ਅਮਰਗੜ ਸ੍ਰੀ ਹਰਬੰਸ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ “ਮੇਰਾ ਘਰ ਮੇਰੇ ਨਾਮ” ਸਕੀਮ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਉਨ੍ਹਾਂ ਦੇ ਰਹਾਇਸ਼ੀ ਮਕਾਨਾਂ ਦੀ ਕਾਨੂੰਨੀ ਮਲਕੀਅਤ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਆਪਣੇ ਹੱਕਾਂ ਪ੍ਰਤੀ ਨਿਸ਼ਚਿੰਤ ਹੋ ਸਕਣ ਅਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚ ਸਕਣ।

ਉਨ੍ਹਾਂ ਕਿਹਾ ਕਿ ਇਹ ਸਕੀਮ ਪਿੰਡਾਂ ਦੇ ਵਿਕਾਸ ਅਤੇ ਆਮ ਲੋਕਾਂ ਦੀ ਭਲਾਈ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਕਾਨੂੰਨੀ ਸੁਰੱਖਿਆ ਦੇ ਨਾਲ-ਨਾਲ ਆਰਥਿਕ ਮਜ਼ਬੂਤੀ ਵੀ ਮਿਲੇਗੀ। ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਪੂਰਾ ਲਾਭ ਲੈਣ ਅਤੇ ਹੋਰ ਯੋਗ ਵਿਅਕਤੀਆਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ।

ਇਸ ਸਮਾਗਮ ਦੌਰਾਨ ਨਾਇਬ ਤਹਿਸੀਲਦਾਰ ਅਮਰਗੜ ਹਰੀਸ਼ ਕੁਮਾਰ, ਸੀਨੀਅਰ ਲੀਡਰ ਆਮ ਆਦਮੀ ਪਾਰਟੀ ਕੁਲਵੰਤ ਸਿੰਘ ਅਤੇ ਸਰਪੰਚ ਪਿੰਡ ਚੰਦੂਰਾਈਆ ਬਲਵਿੰਦਰ ਸਿੰਘ ਸਮੇਤ ਪੰਚਾਇਤ ਮੈਂਬਰ ਅਤੇ ਪਿੰਡ ਦੇ ਮਹੋਤਬਰ ਵੀ ਮੌਜੂਦ ਸਨ।

ਸਮਾਗਮ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਕੀਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਵੀ ਸਾਂਝੀ ਕੀਤੀ ਗਈ ਅਤੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ ਗਿਆ।




