Uncategorized

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਥਾਨਕ ਸਬ ਜੇਲ੍ਹ ਵਿਖੇ ਸਮਾਜਿਕ ਬੁਰਾਈਆਂ ਵਿਰੁੱਧ ਸੈਮੀਨਾਰ ਦਾ ਆਯੋਜਨ

ਪੰਜਾਬ ਸਰਕਾਰ ਦੀ “ਨਸ਼ਾ ਮੁਕਤ ਪੰਜਾਬ” ਮੁਹਿੰਮ ਨੂੰ ਸਫਲ ਬਣਾਉਣ ਲਈ ਸਾਂਝੀ ਕੋਸ਼ਿਸ਼ਾਂ ਦੀ ਲੋੜ - ਐਸ ਐਸ ਪੀ

ਮਾਲੇਰਕੋਟਲਾ 07 ਅਪ੍ਰੈਲ ( ਵਾਸ਼ਿਸ਼ਟ )


ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਦਿਹਾੜੇ ਨੂੰ ਸਮਰਪਿਤ ਸਥਾਨਕ ਸਬ-ਜੇਲ ਮਾਲੇਰਕੋਟਲਾ ਵਿਖੇ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਐਸ.ਐਸ.ਪੀ.ਗਗਨ ਅਜੀਤ ਸਿੰਘ ਵੱਲੋਂ ਜੇਲ੍ਹ ਬੰਦੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਨਵੀਂ ਸੋਚ ਅਤੇ ਸਕਾਰਾਤਮਕ ਜੀਵਨ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗੁਰੂ ਜੀ ਦਾ ਜੀਵਨ,ਮਨੁੱਖਤਾ ਦੀ ਰਾਖੀ ਅਤੇ ਧਾਰਮਿਕ ਆਜ਼ਾਦੀ ਦੀ ਸਰਬ-ਉੱਚ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਦਿਆਂ ਬਿਨ੍ਹਾਂ ਕਿਸੇ ਡਰ ਤੋਂ ਨਾ ਇਨਸਾਫ਼ੀ ਵਿਰੁੱਧ ਖੜ੍ਹੇ ਰਹਿਣਾ ਅਤੇ ਸੱਚ ਦੇ ਰਾਹ ਉੱਤੇ ਚੱਲਣਾ ਚਾਹੀਦਾ ਹੈ।

ਐਸ.ਐਸ.ਪੀ. ਨੇ ਕਿਹਾ ਕਿ ਮਨੁੱਖ ਤੋਂ ਗਲਤੀਆਂ ਹੋ ਸਕਦੀਆਂ ਹਨ ਪਰ ਅਸਲ ਹਿੰਮਤ ਆਪਣੀਆਂ ਗਲਤੀਆਂ ਨੂੰ ਸਮਝ ਕੇ ਨਵੀਂ ਅਤੇ ਸਹੀ ਦਿਸ਼ਾ ਵੱਲ ਵਧਣ ਵਿੱਚ ਹੈ। ਉਨ੍ਹਾਂ ਕਿਹਾ ਕਿ ਨਫ਼ਰਤ, ਹਿੰਸਾ ਅਤੇ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਸਮਾਜ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਦੇ ਖ਼ਿਲਾਫ਼ ਡਟ ਕੇ ਖੜ੍ਹੇ ਹੋਵੇ।

ਉਨ੍ਹਾਂ ਕੈਦੀਆਂ ਨੂੰ ਅਹਿਦ ਦਿਵਾਇਆ ਕਿ ਅਸੀਂ ਆਪਣੇ ਨਾਲ ਕਿਸੇ ਵੱਲੋਂ ਅਚਾਨਕ ਜਾਂ ਜਾਣ-ਬੁੱਝ ਕੇ ਕੀਤੀ ਕਿਸੇ ਵੀ ਜ਼ਿਆਦਤੀ ਲਈ ਆਪਣੇ ਮਨ ਵਿੱਚ ਬਦਲੇ ਦੀ ਭਾਵਨਾ ਨਹੀਂ ਰੱਖਾਂਗੇ ਅਤੇ ਅੱਜ ਤੋਂ ਆਪਣੇ ਪਰਿਵਾਰ ਅਤੇ ਸਮਾਜ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਸਕਾਰਾਤਮਕ ਸੋਚ ਨਾਲ ਕੰਮ ਕਰਾਂਗੇ।

ਐਸ.ਐਸ.ਪੀ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਨਸ਼ਾ ਮੁਕਤ ਪੰਜਾਬ” ਮੁਹਿੰਮ ਤਹਿਤ ਨਸ਼ਿਆਂ ਦੇ ਖ਼ਾਤਮੇ ਲਈ ਵੱਡੇ ਪੱਧਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਪਰਾਧ ਦੇ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ। ਉਨ੍ਹਾਂ ਬੰਦੀਆਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਸਮਾਜ ਵਿੱਚ ਵਾਪਸ ਜਾਣ ਤਾਂ ਨਸ਼ਿਆਂ ਅਤੇ ਅਪਰਾਧ ਤੋਂ ਦੂਰ ਰਹਿ ਕੇ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣ।

ਇਸ ਮੌਕੇ ਕੈਦੀਆਂ ਵੱਲੋਂ ਵੀ ਸੌਂਹ ਚੁੱਕੀ ਕਿ ਉਹ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਵਾਪਸ ਜਾ ਕੇ ਪੰਜਾਬ ਸਰਕਾਰ ਵੱਲੋਂ ਸਮਾਜਿਕ ਬੁਰਾਈਆਂ ਵਿਰੁੱਧ ਚਲਾਈਆਂ ਜਾ ਰਹੀਆਂ ਮੁਹਿੰਮਾਂ ਨੂੰ ਪੂਰਾ ਸਹਿਯੋਗ ਦੇਣਗੇ ਅਤੇ ਸਮਾਜ ਨੂੰ ਨਸ਼ਿਆਂ, ਨਫ਼ਰਤ ਅਤੇ ਹਿੰਸਾ ਤੋਂ ਮੁਕਤ ਬਣਾਉਣ ਲਈ ਪੁਰਜੋਰ ਕੋਸ਼ਿਸ਼ ਕਰਨਗੇ।

ਜੇਲ੍ਹ ਸੁਪਰਡੈਂਟ ਰਿਪੂ ਦਮਨ ਨੇ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਜੀ ਆਇਆਂ ਆਖਿਆ ਅਤੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਕੈਦੀਆਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਸਮੇਂ-ਸਮੇਂ ‘ਤੇ ਇਸ ਤਰ੍ਹਾਂ ਦੇ ਪ੍ਰੇਰਣਾਦਾਇਕ ਪ੍ਰੋਗਰਾਮ ਕਰਵਾਏ ਜਾਂਦੇ ਹਨ।

ਸਮਾਜ ਸੇਵੀ ਮਹੇਸ਼ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਮਨੁੱਖਤਾ, ਭਾਈਚਾਰੇ ਅਤੇ ਸੇਵਾ ਦੀ ਪ੍ਰੇਰਣਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸਮਾਜ ਵਿੱਚ ਸ਼ਾਂਤੀ ਅਤੇ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

ਡੀ.ਐਸ.ਪੀ.ਅਹਿਮਦਗੜ੍ਹ ਸੁਖਦੇਵ ਸਿੰਘ ਬਰਾੜ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਐਸ.ਐਚ.ਓ ਸਦਰ ਗੁਰਪ੍ਰੀਤ ਕੌਰ ਵੀ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button
error: Content is protected !!