ਹੱਜ ਕਮੇਟੀ ਦੇ ਚੇਅਰਮੈਨ ਵਜੋਂ ਮੁਹੰਮਦ ਹਾਸ਼ਿਮ ਦੀ ਸਰਵਸੰਮਤੀ ਨਾਲ ਹੋਈ ਚੋਣ

ਮਾਲੇਰਕੋਟਲਾ, 06 ਅਪ੍ਰੈਲ ( ਵਾਸ਼ਿਸ਼ਟ )

ਪੰਜਾਬ ਸਰਕਾਰ ਵੱਲੋਂ ਨਵੀਂ ਬਣੀ ਹੱਜ ਕਮੇਟੀ ਦੀ ਮੀਟਿੰਗ ਸਥਾਨਕ ਉਰਦੂ ਐਕਡਮੀ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਅਤੇ ਐਸ.ਡੀ.ਐਮ ਕਨੂ ਗਰਗ ਦੀ ਹਾਜਰੀ ਵਿੱਚ ਹੱਜ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਮੁਹੰਮਦ ਹਾਸ਼ਿਮ ਨੂੰ ਹੱਜ ਕਮੇਟੀ, ਪੰਜਾਬ ਦਾ ਚੇਅਰਮੈਨ ਚੁਣਿਆ ਗਿਆ।

ਇਸ ਮੌਕੇ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਨਵ-ਚੁਣੇ ਚੇਅਰਮੈਨ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਹੱਜ ਕਮੇਟੀ ਦਾ ਕੰਮ ਬਹੁਤ ਮਹੱਤਵਪੂਰਨ ਹੈ ਅਤੇ ਇਹ ਕਮੇਟੀ ਹਾਜੀਆਂ ਨੂੰ ਸੁਵਿਧਾਜਨਕ ਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਹੀ ਹਾਜੀਆਂ ਦੀ ਸਹੂਲਤ ਲਈ ਵਚਨਬੱਧ ਰਹੀ ਹੈ ਅਤੇ ਨਵੀਂ ਕਮੇਟੀ ਤੋਂ ਵੀ ਉਮੀਦ ਹੈ ਕਿ ਇਹ ਆਪਣੀਆਂ ਜ਼ਿੰਮੇਵਾਰੀਆਂ ਇਮਾਨਦਾਰੀ ਅਤੇ ਪੂਰੀ ਲਗਨ ਨਾਲ ਨਿਭਾਏਗੀ।

ਇਸ ਮੌਕੇ ਨਵ ਚੁਣੇ ਚੇਅਰਮੈਨ ਮੁਹੰਮਦ ਹਾਸ਼ਿਮ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਹਾਜੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਯਾਤਰਾ ਨੂੰ ਸੁਖਦ ਤੇ ਸੁਗਮ ਬਣਾਉਣ ਲਈ ਵਚਨਬੱਧ ਹਨ। ਚੇਅਰਮੈਨ ਵੱਲੋਂ ਕਿਹਾ ਗਿਆ ਕਿ ਹੱਜ ਯਾਤਰਾ ਨਾਲ ਸੰਬੰਧਿਤ ਸਾਰੀਆਂ ਪ੍ਰਕਿਰਿਆਵਾਂ ਨੂੰ ਪਾਰਦਰਸ਼ੀ ਅਤੇ ਸੁਚਾਰੂ ਬਣਾਇਆ ਜਾਵੇਗਾ ਤਾਂ ਜੋ ਹਾਜੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਅਬਦੁਲ ਸ਼ਕੂਰ ਪ੍ਰਧਾਨ ਕਿਲਾ, ਹੱਜ ਕਮੇਟੀ ਦੇ ਮੈਂਬਰ ਮੁਹੰਮਦ ਇਕਬਾਲ, ਮੁਹੰਮਦ ਅਖਤਰ, ਮੁਹੰਮਦ ਨਜੀਰ, ਸਿੰਗਾਰਾ ਖਾਨ, ਸਈਦ ਅਲੀ ਹੈਦਰ, ਮੁਹੰਮਦ ਅਸ਼ਕ, ਅਬਾਸ, ਸੋਕਤ ਅਲੀ, ਯਾਕੂਬ ਖਾਨ, ਮੁਹੰਮਦ ਸ਼ਾਹਿਦ, ਚੇਅਰਮੈਨ ਸਟੇਟ ਵਾਕਫ ਬੋਰਡ ਪੰਜਾਬ ਅਤੇ ਐਗਜਿਕਿਉਟਿਵ ਅਫਸਰ ਪੰਜਾਬ ਸਟੇਟ ਹੱਜ ਕਮੇਟੀ, ਬਲਾਕ ਸ਼ੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ ਮੌਜੂਦ ਸਨ।



