ਰੈਮਪ ਸਕੀਮ ਅਧੀਨ ਕੈਂਪ ਦਾ ਆਯੋਜਨ, ਨੌਜਵਾਨਾਂ ਨੇ ਲਿਆ ਵੱਧ ਚੜ੍ਹ ਕੇ ਹਿੱਸਾ
ਉਦਮੀ ਹੁਨਰਾਂ ਨੂੰ ਨਿਖਾਰਨ ਲਈ ਮਿਲੀ ਮਹੱਤਵਪੂਰਨ ਜਾਣਕਾਰੀ: ਵਿਧਾਇਕ ਸੇਖੋਂ

ਫ਼ਰੀਦਕੋਟ, 29 ਮਾਰਚ ( ਸੂਤਰ )

ਪੰਜਾਬ ਸਰਕਾਰ ਵੱਲੋਂ ਉਦਮੀ ਹੁਨਰਾਂ ਨੂੰ ਨਿਖਾਰਨ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਰੈਮਪ ਸਕੀਮ ਅਧੀਨ ਐਮਐਸਐਮਈਜ਼ ਲਈ ਸਮਰੱਥਾ ਨਿਰਮਾਣ ਤਹਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਰੀਦਕੋਟ ਵਿਖੇ ਵਿਸ਼ੇਸ਼ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਿਦੱਤ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕ ਕਰਨਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੇ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਵਿਧਾਇਕ ਸ. ਸੇਖੋਂ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ, ਪੰਜਾਬ ਸਰਕਾਰ, ਚੰਡੀਗੜ੍ਹ ਦੇ ਮਾਹਿਰਾਂ ਵੱਲੋਂ ਕੈਂਪ ਦੌਰਾਨ ਹਾਜ਼ਰ ਨੌਜਵਾਨਾਂ ਅਤੇ ਉਦਮੀਆਂ ਨੂੰ ਵੱਖ-ਵੱਖ ਲੋਨ ਸਕੀਮਾਂ, ਸਬਸਿਡੀਆਂ ਅਤੇ ਹੋਰ ਸਰਕਾਰੀ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਇਸ ਤਰ੍ਹਾਂ ਦੇ ਕੈਂਪ ਉਨ੍ਹਾਂ ਨੂੰ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਲਈ ਪ੍ਰੇਰਿਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਸਰਕਾਰੀ ਯੋਜਨਾਵਾਂ ਦਾ ਲਾਭ ਲੈ ਸਕਣ ਅਤੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।

ਇਸ ਮੌਕੇ ਜੀ.ਐਮ. ਸ. ਸੁਖਮਿੰਦਰ ਸਿੰਘ ਰੇਖੀ, ਦਮਨਪ੍ਰੀਤ ਸਿੰਘ ਸੋਢੀ ਫੰਕਸ਼ਨਲ ਮੈਨੇਜਰ, ਸ਼ੁਭਮਪ੍ਰੀਤ ਇੰਸਪੈਕਟਰ, ਮਨਪ੍ਰੀਤ ਕੌਰ ਇੰਸਪੈਕਟਰ, ਤੇਜਿੰਦਰ ਸਿੰਘ ਇੰਸਪੈਕਟਰ, ਵਿਕਾਸ ਐਗਜੀਕਿਊਟਿਵ, ਗਗਨ ਵਪਾਰਕ ਸਹਾਇਕ, ਚੇਤਨਾ ਵਪਾਰਕ ਸਹਾਇਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।




