ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ- ਵੱਖ ਥਾਵਾਂ ਤੇ ਕਾਰਡਨ ਅਤੇ ਸਰਚ ਅਭਿਆਨ
3 ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕਰਕੇ ਪੁੱਛਗਿਛ ਜਾਰੀ

ਮਾਲੇਰਕੋਟਲਾ, 19 ਮਾਰਚ ( ਵਾਸ਼ਿਸ਼ਟ)

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆਂ ਵਿਰੁੱਧ” ਵਿਸ਼ੇਸ਼ ਮੁਹਿੰਮ ਤਹਿਤ ਡਾਇਰੈਕਟਰ ਜਨਰਲ ਪੁਲਿਸ, ਪੰਜਾਬ (ਚੰਡੀਗੜ੍ਹ) ਵੱਲੋਂ ਜਾਰੀ ਹੁਕਮਾਂ ਅਤੇ ਇੰਸਪੈਕਟਰ ਜਨਰਲ ਪੁਲਿਸ(ਜੀ.ਆਰ.ਪੀ.) ਪਟਿਆਲਾ ਬਲਜੋਤ ਸਿੰਘ ਰਾਠੌਰ ਦੀ ਨਿਗਰਾਨੀ ਹੇਠ ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਦੀ ਅਗਵਾਈ ਵਿੱਚ ਕਪਤਾਨ ਪੁਲਿਸ ਇਨਵੈਸਟਿਗੇਸ਼ਨ, ਡੀ.ਐਸ.ਪੀ ਸਤੀਸ਼ ਕੁਮਾਰ, ਡੀ.ਐਸ.ਪੀ ਬਿਕਰਮਜੀਤ ਸਿੰਘ, ਡੀ.ਐਸ.ਪੀ ਮਨਵਜੀਤ ਸਿੰਘ ਸਮੇਤ ਸਮੂਹ ਮੁੱਖ ਅਧਿਕਾਰੀਆਂ ਅਤੇ ਭਾਰੀ ਪੁਲਿਸ ਫੋਰਸ ਵੱਲੋਂ ਕਿਲ੍ਹਾ ਰਹਿਮਤਗੜ੍ਹ ਦੇ ਸ਼ੱਕੀ ਇਲਾਕਿਆਂ ਅਤੇ ਟਿਕਾਣਿਆਂ ‘ਤੇ ਵਿਸ਼ਾਲ ਸਰਚ ਅਭਿਆਨ ਚਲਾਇਆ ਗਿਆ।

ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਪੁਲਿਸ ਵੱਲੋਂ ਸੂਬਾ ਪੱਧਰ ‘ਤੇ ਚਲਾਏ ਜਾ ਰਹੇ ਇਸ ਅਭਿਆਨ ਤਹਿਤ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਇਸ ਮੁਹਿੰਮ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਸਫਲਤਾ ਮਿਲ ਰਹੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਨਸ਼ਾ ਤਸਕਰਾਂ ਸਬੰਧੀ ਕੋਈ ਵੀ ਜਾਣਕਾਰੀ ਸੇਫ ਪੰਜਾਬ ਵਟਸਐਪ ਚੈਟਬੋਟ ਨੰਬਰ 9779-100-200 ‘ਤੇ ਸਾਂਝੀ ਕਰਨ।

ਇਸ ਤੋਂ ਇਲਾਵਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਅਹਿਮਦਗੜ੍ਹ ਸੁਖਦੇਵ ਸਿੰਘ ਬਰਾੜ ਵੱਲੋਂ ਪੁਲਿਸ ਫੋਰਸ ਸਮੇਤ ਪਿੰਡ ਕੰਗਨਵਾਲ ਵਿੱਚ ਕੌਰਡਨ ਐਂਡ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਇਸੇ ਤਰਾਂ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਅਮਰਗੜ੍ਹ ਸੰਜੀਵ ਕੁਮਾਰ ਵੱਲੋਂ ਮੁੱਖ ਅਧਿਕਾਰੀਆਂ ਅਤੇ ਪੁਲਿਸ ਫੋਰਸ ਸਮੇਤ ਬਾਗੜੀਆਂ ਵਿੱਚ ਵੀ ਸਰਚ ਆਪ੍ਰੇਸ਼ਨ ਚਲਾਇਆ ਗਿਆ।

ਇਸ ਸਰਚ ਅਭਿਆਨ ਦੌਰਾਨ 03 ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਗਿਆ ਹੈ, ਜਿਨ੍ਹਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।



