Uncategorized

“ਨਾਰਕੋ ਕੋਆਰਡੀਨੇਸ਼ਨ ਸੈਂਟਰ ਮਕੈਨਿਜ਼ਮ ਦੀ ਮਹੀਨਾਵਾਰ ਮੀਟਿੰਗ ਆਯੋਜਿਤ

ਨਸ਼ਿਆਂ ਵਿਰੁੱਧ ਸਾਂਝੀ ਲੜਾਈ ਨੂੰ ਤੇਜ਼ ਕਰਨ ਦੇ ਨਿਰਦੇਸ਼

ਮਾਲੇਰਕੋਟਲਾ, 24 ਫਰਵਰੀ ( ਵਾਸ਼ਿਸ਼ਟ )

ਜ਼ਿਲ੍ਹੇ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਇਸ ਨਾਲ ਸੰਬੰਧਿਤ ਗਤੀਵਿਧੀਆਂ ਦੀ ਸਮੀਖਿਆ ਕਰਨ ਲਈ ਨਾਰਕੋ ਕੋਆਰਡੀਨੇਸ਼ਨ ਸੈਂਟਰ ਮਕੈਨਿਜ਼ਮ (ਐਨ.ਸੀ.ਓ.ਆਰ.ਡੀ) ਅਧੀਨ ਮਹੀਨਾਵਾਰ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਅਗਵਾਈ ਕਰਦਿਆਂ ਜ਼ਿਲ੍ਹਾ ਮਾਲ ਅਫਸਰ ਮਨਦੀਪ ਕੌਰ ਨੇ ਨਸ਼ਿਆਂ ਦੀ ਸਮੱਸਿਆ ਦੇ ਪ੍ਰਭਾਵਸ਼ਾਲੀ ਨਬੇੜੇ ਲਈ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦਰਮਿਆਨ ਪੂਰਨ ਤਾਲਮੇਲ ਅਤੇ ਸਾਂਝੀ ਰਣਨੀਤੀ ਅਪਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।

ਉਨ੍ਹਾਂ ਸਕੂਲ ਸਿੱਖਿਆ, ਸਿਹਤ, ਡਰੱਗ ਕੰਟਰੋਲ, ਆਬਕਾਰੀ ਅਤੇ ਕਰ ਵਿਭਾਗ, ਪੁਲਿਸ ਵਿਭਾਗ ਸਮੇਤ ਸਾਰੇ ਸੰਬੰਧਿਤ ਵਿਭਾਗਾਂ ਨੂੰ ਆਪਣੇ-ਆਪਣੇ ਪੱਧਰ ‘ਤੇ ਨਸ਼ਿਆਂ ਦੀ ਦੁਰਵਰਤੋਂ ਰੋਕਣ ਲਈ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਅਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਸਬੰਧਿਤ ਵਿਭਾਗ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਸੰਯੁਕਤ ਤੌਰ ‘ਤੇ ਠੋਸ ਕਦਮ ਚੁੱਕਣ।

ਐੱਸ.ਪੀ. ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਨਸ਼ਾ ਤਸਕਰੀ ਦੇ ਜਾਲ ਨੂੰ ਤੋੜਨ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਮੁਹਿੰਮ ਦੀ ਕਾਮਯਾਬੀ ਲਈ ਆਮ ਜਨਤਾ ਦਾ ਸਹਿਯੋਗ ਬੇਹੱਦ ਅਹਿਮ ਹੈ ਇਸ ਲਈ ਉਨ੍ਹਾਂ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈਲਪਲਾਈਨ ਨੰਬਰ 97791-00200 ’ਤੇ ਨਸ਼ਾ ਤਸਕਰਾਂ ਸਬੰਧੀ ਕੋਈ ਵੀ ਜਾਣਕਾਰੀ ਤੁਰੰਤ ਸਾਂਝੀ ਕੀਤੀ ਜਾਵੇ

ਉਨ੍ਹਾਂ ਪੁਲਿਸ ਵਿਭਾਗ ਦੀ ਕਾਰਜਗੁਜਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਰਵਰੀ 2026 ਤੋਂ ਹੁਣ ਤੱਕ ਐਨ.ਡੀ.ਪੀ.ਐਸ. ਐਕਟ ਅਧੀਨ 67 ਮੁਕੱਦਮੇ ਦਰਜ ਕਰਕੇ 76 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ 248 ਗ੍ਰਾਮ ਹੈਰੋਇਨ, 16 ਕਿਲੋਗ੍ਰਾਮ ਭੁੱਕੀ, 852 ਗੋਲੀਆਂ/ਕੈਪਸੂਲ, 2 ਕਿਲੋਗ੍ਰਾਮ ਅਫੀਮ, 11 ਸ਼ੀਸ਼ੀਆਂ, 100 ਗ੍ਰਾਮ ਸੁਲਫਾ ਅਤੇ 3 ਵਾਹਨ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 146 ਜਾਗਰੂਕਤਾ ਸੈਮੀਨਾਰ ਆਯੋਜਿਤ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ ਹੈ। ਕਮਰਸ਼ੀਅਲ ਮਾਤਰਾ ਨਾਲ ਸੰਬੰਧਿਤ 03 ਮੁਕੱਦਮਿਆਂ ਵਿੱਚ 08 ਦੋਸ਼ੀਆਂ ਦੀ ਗ੍ਰਿਫ਼ਤਾਰੀ ਅਤੇ 44 ਸ਼ੀਸ਼ੀਆਂ ਦੀ ਬਰਾਮਦੀ ਵੀ ਕੀਤੀ ਗਈ ਹੈ।

ਇਸ ਮੌਕੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਹਰਪ੍ਰੀਤ ਸਿੰਘ, ਕਰ ਅਤੇ ਆਬਕਾਰੀ ਇੰਸਪੈਕਟਰ ਦਲਜੀਤ ਸਿੰਘ, ਵਣ ਰੇਂਜ ਅਫਸਰ ਮਹਿੰਦਰਪਾਲ ਸਿੰਘ, ਖੇਤੀਬਾੜੀ ਵਿਕਾਸ ਅਫਸਰ ਲਾਜਿੰਦਰ ਸਿੰਘ, ਜੋਨਲ ਲਾਇਸੈਂਸਿੰਗ ਅਥਾਰਟੀ ਅਮਨਦੀਪ ਵਰਮਾ ਅਤੇ ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!