ਆਂਗਣਵਾੜੀ ਕੇਂਦਰਾਂ ਵਿੱਚ ਮਨਾਇਆ ਮਨਾਇਆ ਮੁੱਢਲੀ ਸਿੱਖਿਆ ਅਤੇ ਦੇਖਭਾਲ ਦਿਵਸ
ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਮਾਪਿਆਂ ਨੂੰ ਕੀਤਾ ਜਾਗਰੂਕ

ਮਾਲੇਰਕੋਟਲਾ, 16 ਫਰਵਰੀ ( ਵਾਸ਼ਿਸ਼ਟ ) ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਪਰਦੀਪ ਸਿੰਘ ਗਿੱਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮਾਲੇਰਕੋਟਲਾ ਦੇ ਸਮੂਹ 545 ਆਂਗਣਵਾੜੀ ਕੇਂਦਰਾਂ ਵਿੱਚ ਮੁੱਢਲੀ ਸਿੱਖਿਆ ਅਤੇ ਦੇਖਭਾਲ (ECCE) ਦਿਵਸ ਮਨਾਇਆ ਗਿਆ। ਇਸ ਦਿਵਸ ਦਾ ਉਦੇਸ਼ 0–6 ਸਾਲ ਦੇ ਬੱਚਿਆਂ ਦੇ ਸਰਵਾਂਗੀਣ ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਮਾਪਿਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ।
ਇਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਛੋਟੀ ਉਮਰ ਵਿੱਚ ਸਹੀ ਪੋਸ਼ਣ, ਨਿਯਮਿਤ ਸਰੀਰਕ ਗਤੀਵਿਧੀਆਂ ਅਤੇ ਖੇਡ-ਆਧਾਰਿਤ ਸਿੱਖਿਆ ਬੱਚਿਆਂ ਦੇ ਸਿਹਤਮੰਦ ਵਿਕਾਸ ਲਈ ਅਤਿ ਜਰੂਰੀ ਹਨ। ਮਾਪਿਆਂ ਨੂੰ ਦੌੜ, ਰੱਸੀ ਕੂਦ, ਗੇਂਦ ਨਾਲ ਖੇਡਾਂ, ਸੰਤੁਲਨ ਗਤੀਵਿਧੀਆਂ ਅਤੇ ਸਧਾਰਣ ਕਸਰਤਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਹ ਗਤੀਵਿਧੀਆਂ ਬੱਚਿਆਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਨ੍ਹਾਂ ਵਿੱਚ ਚੁਸਤੀ, ਲਚਕਤਾ ਅਤੇ ਆਤਮ-ਵਿਸ਼ਵਾਸ ਨੂੰ ਵੀ ਵਧਾਉਂਦੀਆਂ ਹਨ।
ਇਸ ਦੌਰਾਨ ਬੱਚਿਆਂ ਲਈ ਖੇਡ-ਖੇਡ ਵਿੱਚ ਸਿੱਖਣ ਸਬੰਧੀ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਨਾਲ ਬੱਚਿਆਂ ਦੀ ਰੁਚੀ ਅਤੇ ਭਾਗੀਦਾਰੀ ਯਕੀਨੀ ਬਣੀ ਰਹੀ। ਮਾਪਿਆਂ ਨੂੰ ਸੰਤੁਲਿਤ ਖੁਰਾਕ, ਸਫ਼ਾਈ ਅਤੇ ਰੋਜ਼ਾਨਾ ਦੀ ਸਿਹਤਮੰਦ ਦਿਨਚਰੀ ਅਪਣਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ, ਤਾਂ ਜੋ ਬੱਚਿਆਂ ਦਾ ਸਮੂਹਿਕ ਵਿਕਾਸ ਸੁਨਿਸ਼ਚਿਤ ਕੀਤਾ ਜਾ ਸਕੇ।
ਇਸ ਮੌਕੇ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰਾਂ ਤੋਂ ਇਲਾਵਾ ਸਮੇਤ 0–6 ਸਾਲ ਦੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਹਾਜਰ ਰਹੇ ।




