ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂ ਚੱਕ ਨੇ ਸਿੰਬਲ ਸਕੋਲ ਤੋਂ ਕੀਤੀ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਹੋਣ ਤੇ ਲੋਕਾਂ ਨੂੰ ਦਿੱਤੀ ਵਧਾਈ, ਮੁੱਖ ਮੰਤਰੀ ਪੰਜਾਬ ਦਾ ਕੀਤਾ ਧੰਨਵਾਦ

ਪਠਾਨਕੋਟ 2 ਫਰਵਰੀ ( ਸੂਤਰ ) ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਇੱਕ ਵਾਰ ਫਿਰ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਦੂਸਰਾ ਫੇਜ਼ ਸ਼ੁਰੂ ਕੀਤਾ ਗਿਆ ਹੈ ਅਤੇ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿੰਬਲ ਸਕੋਲ ਤੋਂ ਤੀਰਥ ਯਾਤਰਾ ਲਈ ਪਹਿਲੀ ਬੱਸ ਰਵਾਨਾ ਕੀਤੀ ਹੈ ਜਿਸ ਦੇ ਲਈ ਉਹ ਸਾਰੀ ਸੰਗਤ ਨੂੰ ਵਧਾਈ ਦਿੰਦੇ ਹਨ|

ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਸਿੰਬਲ ਸਕੋਲ ਤੋਂ ਪਹਿਲੀ ਬੱਸ ਤੀਰਥ ਯਾਤਰਾ ਲਈ ਰਵਾਨਾ ਕਰਨ ਤੋਂ ਬਾਅਦ ਕੀਤਾ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਨਰੇਸ਼ ਸੈਣੀ ਪੰਜਾਬ ਸਟੇਟ ਸਕੱਤਰ ਮਾਝਾ ਜੋਨ, ਰਾਜੇਸ਼ ਸਿੰਘ ਬਲਾਕ ਪ੍ਰਧਾਨ ਅਤੇ ਸਰਪੰਚ ਕੋਟ ਭੱਟੀਆਂ, ਸਰਪੰਚ ਰਜਿੰਦਰ ਸਿੰਘ ਢੀਂਡਾ, ਸਰਪੰਚ ਰਜਿੰਦਰ ਪਾਲ ਖੋਜਕੀ ਚੱਕ, ਸਰਪੰਚ ਰਜਿੰਦਰ ਪਾਲ ਸਰੋਟਾ, ਸਰਪੰਚ ਰਣਜੀਤ ਸਿੰਘ ਦਨਵਾਲ, ਸੋਨੂ ਸਕੋਲ ਸਰਪੰਚ ਸਕੋਲ, ਜਗਦੀਸ਼ ਚੰਦ ਅਤੇ ਹੋਰ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਅਤੇ ਅਹੁਦੇਦਾਰ ਹਾਜ਼ਰ ਸਨ।

ਇਸ ਮੌਕੇ ਤੇ ਸੰਬੋਧਿਤ ਕਰਦਿਆਂ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਸਾਰੀਆਂ ਸੰਗਤਾਂ ਨੂੰ ਜਿਹੜੀਆਂ ਅੱਜ ਤੀਰਥ ਯਾਤਰਾ ਲਈ ਰਵਾਨਾ ਹੋਈਆਂ ਹਨ ਨੂੰ ਮੇਰੇ ਵੱਲੋਂ ਮੇਰੀ ਸਰਕਾਰ ਵੱਲੋਂ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭ ਕਾਮਨਾਵਾਂ।

ਉਹਨਾਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦਾ ਦੂਸਰਾ ਫੇਜ਼ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਇਸ ਯੋਜਨਾ ਤਹਿਤ ਅੱਜ ਪਹਿਲੀ ਬੱਸ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਸਿੰਬਲ ਸਕੋਲ ਤੋ ਰਵਾਨਾ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਬੱਸ ਅੱਜ ਅੰਮ੍ਰਿਤਸਰ ਪਹੁੰਚੇਗੀ ਜਿੱਥੇ ਸਭ ਤੋਂ ਪਹਿਲਾਂ ਸੰਗਤਾਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੀਆਂ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੀਆਂ।

ਉਹਨਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਇਹ ਸੰਗਤਾਂ ਜਲਿਆ ਵਾਲੇ ਬਾਗ ਦੀ ਉਸਮਾਨ ਧਰਤੀ ਨੂੰ ਵੀ ਸਜਦਾ ਕਰਨਗੀਆਂ ਜਿੱਥੇ ਅੰਗਰੇਜ਼ਾਂ ਨੇ ਸਾਡੇ ਲੋਕਾਂ ਤੇ ਗੋਲੀਆਂ ਚਲਾਈਆਂ ਤੇ ਦਰਜਨਾਂ ਲੋਕਾਂ ਨੂੰ ਸੈਕੜੇ ਲੋਕਾਂ ਨੂੰ ਸ਼ਹੀਦ ਕੀਤਾ। ਇਸ ਤੋਂ ਇਲਾਵਾ ਸੰਗਤਾਂ ਨੂੰ ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਧਾਰਮਿਕ ਸਥਾਨਾਂ ਤੇ ਵੀ ਨਤਮਸਤਕ ਹੋਣ ਦਾ ਮੌਕਾ ਮਿਲੇਗਾ। ਉਹਨਾਂ ਦੱਸਿਆ ਕਿ ਤੀਰਥ ਯਾਤਰਾ ਦੌਰਾਨ ਸੰਗਤਾਂ ਨੂੰ ਹਿੰਦ ਪਾਕ ਸਰਹੱਦ ਬਾਘਾ ਬਾਰਡਰ ਉੱਤੇ ਹਰ ਰੋਜ਼ ਕੀਤੀ ਜਾਣ ਵਾਲੀ ਰੀ-ਟਰੀਟ ਸੈਰਾਮਨੀ ਵੇਖਣ ਦਾ ਮੌਕਾ ਵੀ ਮਿਲੇਗਾ।




