ਵਾਲਮੀਕਿ ਰਾਮਾਇਣ ਪਾਠ ਸੰਸਕਾਰ ਕੈਂਪ ਦੀ ਸਮਾਪਤੀ ਅਤੇ ਸਨਮਾਨ ਸਮਾਰੋਹ 27 ਨੂੰ

ਮਲੇਰਕੋਟਲਾ 24 ਜੂਨ ( ਸੂਤਰ )

ਬੀਤੀ 2 ਜੂਨ ਤੋਂ 27 ਜੂਨ ਤੱਕ ਸ਼੍ਰੀ ਹਨੂਮਾਨ ਮੰਦਰ ਕੰਪਲੈਕਸ ਵਿਖੇ ‘ਗਿਆਨਮ ਸੰਸਕ੍ਰਿਤੀ ਮਾਲੇਰਕੋਟਲਾ’ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਮੂਹਿਕ ਵਾਲਮੀਕਿ ਰਾਮਾਇਣ ਪਾਠ ਸੰਸਕਾਰ ਕੈਂਪ ਦਾ ਸਮਾਪਤੀ ਸਮਾਰੋਹ 27 ਜੂਨ ਨੂੰ ਸਵੇਰੇ 9:30 ਵਜੇ ਸ਼੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾ ਜੀ ਮੰਦਰ, ਸਾਜਿਦਾ ਕਲੋਨੀ, ਮਲੇਰਕੋਟਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਗਿਆਨਮ ਸੰਸਕ੍ਰਿਤੀ ਦੀ ਪ੍ਰਿੰਸੀਪਲ ਸਲੋਨੀ ਗੋਇਲ ਨੇ ਦੱਸਿਆ ਕਿ ‘ਸਪਤ ਸਿੰਧੂ ਡਾਕਟਰ ਭੀਮ ਰਾਓ ਅੰਬੇਡਕਰ ਸਟੱਡੀ ਸਰਕਲ ਚੰਡੀਗੜ੍ਹ’ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ ਲਗਭਗ ਪੰਜਾਹ ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਦੂਜੀ ਜਮਾਤ ਤੋਂ ਲੈ ਕੇ ਪਲੱਸ ਵਨ (ਗਿਆਰਵੀਂ) ਤੱਕ ਦੇ ਬੱਚੇ ਸ਼ਾਮਲ ਰਹੇ।

ਇਸ ਸਮਾਰੋਹ ਵਿੱਚ ਚੰਡੀਗੜ੍ਹ ਤੋਂ ਸ਼੍ਰੀ ਕੁਲਦੀਪ ਚੰਦ ਅਗਨੀਹੋਤਰੀ (ਉਪ-ਪ੍ਰਧਾਨ, ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ, ਹਰਿਆਣਾ ਸਰਕਾਰ) ਮੁੱਖ ਮਹਿਮਾਨ ਅਤੇ ਸ਼੍ਰੀ ਦੇਵਿੰਦਰ ਸਿੰਘ (ਸਮਰਸਤਾ ਯੁਵਾ ਪ੍ਰਮੁੱਖ ਪੰਜਾਬ, ਰਾਸ਼ਟਰੀ ਸਵੈਮ ਸੇਵਕ ਸੰਘ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਜੋਤ ਜਗਾਉਣ ਦੀ ਰਸਮ ਸ਼੍ਰੀ ਮਨਜੀਤ ਸਿੰਘ (ਮੈਂਬਰ ਸਕੱਤਰ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ, ਹਰਿਆਣਾ ਸਰਕਾਰ) ਅਦਾ ਕਰਨਗੇ।

ਸ਼੍ਰੀ ਸਨਾਤਨ ਧਰਮ ਸਭਾ (ਰਜਿ.) ਮਲੇਰਕੋਟਲਾ ਦੀ ਸਰਪ੍ਰਸਤੀ ਹੇਠ ਲਗਾਏ ਗਏ ਇਸ ਸੰਸਕਾਰ ਕੈਂਪ ਨੂੰ ਸਫ਼ਲ ਬਣਾਉਣ ਵਿੱਚ ਸਭਾ ਦੇ ਕਾਰਜਕਾਰੀ ਪ੍ਰਧਾਨ ਕਾਂਤੀ ਮਿੱਤਲ, ਕਰਮ ਚੰਦ ਗੋਇਲ ਸਿਰਥਲੇ ਵਾਲੇ, ਰਾਸ਼ਟਰੀ ਯੁਵਾ ਸਹਿਕਾਰੀ ਸਮਿਤੀ ਚੰਡੀਗੜ੍ਹ ਦੇ ਡਾਇਰੈਕਟਰ ਸਤਦੇਵ ਗਰਗ ਵਿੱਕੀ, ਮਦਨ ਮਦਹੋਸ਼ (ਸਾਬਕਾ ਮਿਉਂਸਪਲ ਕੌਂਸਲਰ), ਮਾਲਤੀ ਸਿੰਗਲਾ (ਸਾਬਕਾ ਮਿਉਂਸਪਲ ਕੌਂਸਲਰ), ਮੁਨੀਸ਼ ਮਿਰਚੀਆ ਠੇਕੇਦਾਰ, ਪੰਡਿਤ ਰਾਜ ਕੁਮਾਰ ਸ਼ਰਮਾ, ਤਨੂ ਗਰਗ ਅਤੇ ਵਿਸ਼ੇਸ਼ਿਕਾ ਸਿੰਘਲ ਦਾ ਗਿਆਨਮ ਸੰਸਕ੍ਰਿਤੀ ਨੂੰ ਵਿਸ਼ੇਸ਼ ਸਹਿਯੋਗ ਰਿਹਾ।

ਵਰਣਨਯੋਗ ਹੈ ਕਿ ਇਸ ਕੈਂਪ ਵਿੱਚ ਜਿੱਥੇ ਸ਼੍ਰੀ ਸਨਾਤਨ ਸਭਾ ਵੱਲੋਂ ਹਰ ਰੋਜ਼ ਪ੍ਰਭਾਵਨਾ (ਪ੍ਰਸ਼ਾਦ) ਵੰਡੀ ਗਈ ਉੱਥੇ ਹੀ ਬੱਚਿਆਂ ਦੇ ਮਾਤਾ-ਪਿਤਾ ਨੇ ਰੋਜ਼ਾਨਾ ਮਿਠਾਈਆਂ, ਫਲ ਅਤੇ ਵੱਖ-ਵੱਖ ਤਰ੍ਹਾਂ ਦੇ ਇਨਾਮ ਵੀ ਵੰਡੇ। ਉਨ੍ਹਾਂ ਅੱਗੇ ਦੱਸਿਆ ਕਿ ਜਿੱਥੇ 27 ਜੂਨ ਨੂੰ ਹੋਣ ਜਾ ਰਹੇ ਇਸ ਸਮਾਪਤੀ ਅਤੇ ਸਨਮਾਨ ਸਮਾਰੋਹ ਵਿੱਚ ਬੱਚੇ ਆਪਣੀ ਕਲਾ ਰਾਹੀਂ ਧਾਰਮਿਕ ਸ਼ਲੋਕ, ਭਜਨ ਅਤੇ ਨ੍ਰਿਤ (ਨਾਚ) ਦਾ ਪ੍ਰਦਰਸ਼ਨ ਕਰਨਗੇ ਉੱਥੇ ਇਸ ਮੌਕੇ ਗਿਆਨਮ ਸੰਸਕ੍ਰਿਤੀ ਮਾਲੇਰਕੋਟਲਾ ਵੱਲੋਂ ਮਹਿਮਾਨਾਂ ਅਤੇ ਸਹਿਯੋਗੀਆਂ ਦੇ ਸਨਮਾਨ ਦੇ ਨਾਲ-ਨਾਲ ਸਾਰੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਲਈ ਸਰਟੀਫਿਕੇਟ ਅਤੇ ਇਨਾਮ ਦਿੱਤੇ ਜਾਣਗੇ। ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਨਗਰ ਕੌਂਸਲਰ ਅੰਕੂ ਯਖ਼ਮੀ ਨਿਭਾਉਣਗੇ।




