ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਸੁਰੱਖਿਅਤ ਉਤਾਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ – ਦਮਨਜੀਤ ਸਿੰਘ ਮਾਨ
ਮੀਡੀਆ ਤੇ ਆਮ ਜਨਤਾ ਨੂੰ ਟਾਵਰ ਮੋਰਚੇ ਮਾਮਲੇ ‘ਚ ਅਫ਼ਵਾਹਾਂ ਤੋਂ ਬਚਣ ਅਤੇ ਸਿਰਫ਼ ਅਧਿਕਾਰਿਕ ਜਾਣਕਾਰੀ ‘ਤੇ ਹੀ ਵਿਸ਼ਵਾਸ ਕਰਨ ਦੀ ਅਪੀਲ

ਸਮਾਣਾ, 23 ਅਪ੍ਰੈਲ ( ਸੂਤਰ )

ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 13 ਅਪ੍ਰੈਲ ਨੂੰ ਵਿਧਾਨ ਸਭਾ ਵਿਚ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੇ ਕਾਨੂੰਨ ਬਨਣ ਮਗਰੋਂ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਨਾਲ ਰਾਜ ਵਿੱਚ ਹੁਣ ਇਹ ਕਾਨੂੰਨ ਲਾਗੂ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਸਮਾਣਾ ਵਿਖੇ ਇਸ ਸਬੰਧੀ ਸੰਗਤ ਵੱਲੋਂ ਲਗਾਏ ਗਏ ਮੋਰਚੇ ਦੀ ਸਮਾਪਤੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਭਾਈ ਗੁਰਜੀਤ ਸਿੰਘ ਖ਼ਾਲਸਾ ਨੂੰ ਟਾਵਰ ਤੋਂ ਸੁਰੱਖਿਅਤ ਹੇਠਾਂ ਲਿਆਉਣ ਲਈ ਸਾਰਥਕ ਉਪਰਾਲੇ ਕਰਦੇ ਹੋਏ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ।

ਉਨ੍ਹਾਂ ਕਿਹਾ ਕਿ ਭਾਈ ਗੁਰਜੀਤ ਸਿੰਘ ਜੀ ਪਿਛਲੇ ਕਾਫ਼ੀ ਸਮੇਂ ਤੋਂ ਲਗਭਗ 400 ਫੁੱਟ ਉੱਚੇ ਟੈਲੀਕਾਮ ਟਾਵਰ ‘ਤੇ ਚੜ੍ਹੇ ਹੋਏ ਹਨ, ਜਿਸ ਲਈ ਉਨ੍ਹਾਂ ਨੂੰ ਹੁਣ ਹੇਠਾਂ ਉਤਾਰਨ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਹਿਰਦਤਾ ਨਾਲ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਉੱਚਾਈ ਤੋਂ ਕਿਸੇ ਵਿਅਕਤੀ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਲਿਆਉਣਾ ਇੱਕ ਬਹੁਤ ਹੀ ਤਕਨੀਕੀ ਕਾਰਵਾਈ ਹੈ, ਜਿਸ ਲਈ ਸਿਰਫ਼ ਸਧਾਰਣ ਰੈਸਕਿਊ ਪ੍ਰਬੰਧ ਕਾਫ਼ੀ ਨਹੀਂ ਹੁੰਦੇ।

ਏਡੀਸੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ, ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ, ਫਾਇਰ ਬ੍ਰਿਗੇਡ ਅਤੇ ਹੋਰ ਮੁਹਾਰਤ ਰੱਖਣ ਵਾਲੀਆਂ ਏਜੰਸੀਆਂ ਨਾਲ ਗੱਲਬਾਤ ਕੀਤੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਾਰਤੀ ਫੌਜ ਨੂੰ ਵੀ ਤਕਨੀਕੀ ਸਹਾਇਤਾ ਲਈ ਬੇਨਤੀ ਕੀਤੀ ਗਈ ਹੈ, ਕਿਉਂਕਿ ਫੌਜ ਕੋਲ ਇਸ ਤਰ੍ਹਾਂ ਦੀਆਂ ਉੱਚ-ਖ਼ਤਰੇ ਵਾਲੀਆਂ ਸਥਿਤੀਆਂ ਨੂੰ ਹੱਲ ਕਰਨ ਦਾ ਖਾਸ ਤਜਰਬਾ ਅਤੇ ਉਪਕਰਣ ਉਪਲਬਧ ਹੁੰਦੇ ਹਨ।

ਦਮਨਜੀਤ ਸਿੰਘ ਮਾਨ ਨੇ ਮੀਡੀਆ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿੱਚ ਅਫ਼ਵਾਹਾਂ ਤੋਂ ਬਚਣ ਅਤੇ ਸਿਰਫ਼ ਅਧਿਕਾਰਿਕ ਜਾਣਕਾਰੀ ‘ਤੇ ਹੀ ਵਿਸ਼ਵਾਸ ਕਰਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਪ੍ਰਾਥਮਿਕਤਾ ਇੱਕ ਵਿਅਕਤੀ ਦੀ ਜ਼ਿੰਦਗੀ ਦੀ ਸੁਰੱਖਿਆ ਹੈ ਅਤੇ ਸਮੁੱਚੀ ਕਾਰਵਾਈ ਬਿਨਾਂ ਕਿਸੇ ਜਲਦੀਬਾਜ਼ੀ ਦੇ ਸੁਰੱਖਿਅਤ ਢੰਗ ਨਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਹੋਰ ਕਿਹਾ, “ਅਸੀਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਕਿ ਭਾਈ ਗੁਰਜੀਤ ਸਿੰਘ ਨਾਲ ਸੰਪਰਕ ਬਣਾਈ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਲਿਆਂਦਾ ਜਾਵੇ।”




