ਬਿਨਾਂ ਰਜਿਸਟ੍ਰੇਸ਼ਨ ਵਾਲੇ ਈ-ਰਿਕਸ਼ਿਆਂ ‘ਤੇ ਸ਼ਿਕੰਜਾ, 15 ਚਾਲਕਾਂ ਦੇ ਕੱਟੇ ਚਲਾਨ
ਟਰੈਫਿਕ ਨਿਯਮਾਂ ਦੀ ਪਾਲਣਾ ਲਈ ਆਰ.ਟੀ.ਓ. ਅਤੇ ਪੁਲਿਸ. ਵੱਲੋਂ ਸਾਂਝੀ ਇੰਨਫੋਰਸਮੈਂਟ ਡਰਾਇਵ

ਮਾਲੇਰਕੋਟਲਾ,25 ਅਪ੍ਰੈਲ ( ਵਾਸ਼ਿਸ਼ਟ )

ਉਪ ਮੰਡਲ ਮੈਜਿਸਟ੍ਰੇਟ ਮਾਲੇਰਕੋਟਲਾ ਕਨੂ ਗਰਗ ਦੀਆਂ ਹਦਾਇਤਾਂ ਤਹਿਤ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ ਸ਼ਹਿਨਾਜ ਪ੍ਰਵੀਨ ਵੱਲੋਂ ਸਥਾਨਕ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ-ਵੱਖ ਮਹੱਤਵਪੂਰਨ ਸਥਾਨਾਂ ਜਿਵੇਂ ਕਿ ਦਿੱਲੀ ਗੇਟ, ਟਰੱਕ ਯੂਨੀਅਨ ਅਤੇ ਗਰੇਵਾਲ ਚੌਕ ਵਿਖੇ ਵਿਸ਼ੇਸ਼ ਇੰਨਫੋਰਸਮੈਂਟ ਡਰਾਇਵ ਚਲਾਈ ਗਈ।

ਇਸ ਡਰਾਇਵ ਦਾ ਮੁੱਖ ਉਦੇਸ਼ ਈ-ਰਿਕਸ਼ਾ ਚਾਲਕਾਂ ਨੂੰ ਤੰਗ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਅਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣਾ ਸੀ।

ਕਾਰਵਾਈ ਦੌਰਾਨ ਬਿਨਾਂ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਬਿਨਾਂ ਵੈਧ ਡਰਾਈਵਿੰਗ ਲਾਇਸੈਂਸ ਦੇ ਈ-ਰਿਕਸ਼ਾ ਚਲਾਉਣ ਵਾਲੇ 15 ਚਾਲਕਾਂ ਦੇ ਚਲਾਨ ਕੀਤੇ ਗਏ। ਇਸ ਤੋਂ ਇਲਾਵਾ, ਬਿਨਾਂ ਨੰਬਰੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਈ-ਰਿਕਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਕੁਝ ਵਾਹਨਾਂ ਨੂੰ ਜ਼ਬਤ ਵੀ ਕੀਤਾ ਗਿਆ।

ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਪ੍ਰਬੰਧ ਨੂੰ ਸੁਚਾਰੂ ਬਣਾਉਣ ਲਈ ਇਸ ਤਰ੍ਹਾਂ ਦੀਆਂ ਮੁਹਿੰਮਾਂ ਆਗਾਮੀ ਸਮੇਂ ਵਿੱਚ ਵੀ ਜਾਰੀ ਰਹਿਣਗੀਆਂ।

ਆਰ.ਟੀ.ਓ. ਅਧਿਕਾਰੀਆਂ ਅਤੇ ਪੁਲਿਸ ਵੱਲੋਂ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਵਾਹਨਾਂ ਦੇ ਪੂਰੇ ਦਸਤਾਵੇਜ਼ ਨਾਲ ਰੱਖਣ, ਵੈਧ ਡਰਾਈਵਿੰਗ ਲਾਇਸੈਂਸ ਬਣਵਾਉਣ ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਨਾਲ ਹੀ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਜਨਤਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।




