Uncategorized

ਆਪਣੀਆਂ ਅੱਖਾਂ ਦੀ ਰੋਸ਼ਨੀ ਦੇ ਬਚਾਓ ਲਈ, ਨਿਯਮਿਤ ਜਾਂਚ ਕਰਵਾਓ – ਡਾ. ਅਮਨਦੀਪ ਕੌਰ

ਮਾਲੇਰਕੋਟਲਾ, 14 ਮਾਰਚ ( ਵਾਸ਼ਿਸ਼ਟ )


ਅੱਖਾਂ ਵਿੱਚ ਗਲੋਕੋਮਾ (ਕਾਲਾ ਮੋਤੀਆ) ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਵਲੋਂ 8 ਮਾਰਚ ਤੋਂ 14 ਮਾਰਚ ਤੱਕ “ਵਿਸ਼ਵ ਗਲੋਕੋਮਾ ਹਫਤਾ” ਮਨਾਇਆ ਗਿਆ।
ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਅਮਨਦੀਪ ਕੌਰ ਜੋ ਅੱਖਾਂ ਦੇ ਰੋਗਾਂ ਦੇ ਮਾਹਿਰ ਵੀ ਹਨ ਨੇ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਾਲ ਇਸ ਦਿਵਸ ਨੂੰ “ਗਲੋਕੋਮਾ (ਕਾਲਾ ਮੋਤੀਆ) ਮੁਕਤ ਸੰਸਾਰ ਲਈ ਇੱਕਜੁੱਟ ਹੋਈਏ” ਵਿਸ਼ੇ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ ਹੈ।

ਉਨ੍ਹਾਂ ਕਿਹਾ ਕਿ ਗਲੋਕੋਮਾ ਬਾਰੇ ਜੇਕਰ ਸਮੇਂ ਸਿਰ ਪਤਾ ਚੱਲ ਜਾਵੇ ਤਾਂ ਇਸ ਦਾ ਇਲਾਜ ਸਫਲ ਤਰੀਕੇ ਨਾਲ ਹੋ ਸਕਦਾ ਹੈ। ਇਸ ਲਈ ਲੋਕ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚਾ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਗਲੋਕੋਮਾ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਅਹਿਮ ਕਾਰਨ ਹੈ।

ਗਲੋਕੋਮਾ ਦੇ ਲੱਛਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਅਸਾਧਾਰਣ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਬਦਲਣਾ, ਪ੍ਰਕਾਸ਼ ਦੇ ਆਲੇ-ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਤੇ ਲਾਲੀ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਆਦਿ ਹੋਣ ‘ਤੇ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਜਾ ਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਤੋਂ ਆਪਣੀਆਂ ਅੱਖਾਂ ਦਾ ਦਬਾਅ (ਪ੍ਰੈਸ਼ਰ) ਚੈਕ ਕਰਵਾਓ।

ਇਸ ਸਮੇਂ ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ ਨੇ ਕਿਹਾ ਕਿ ਪਰਿਵਾਰਕ ਮੈਂਬਰ ਨੂੰ ਡਾਇਬਟੀਜ/ਸ਼ੂਗਰ ਅਤੇ ਬਲੱਡ ਪ੍ਰੈਸ਼ਰ ਹੋਵੇ ਜਾਂ ਫਿਰ ਇਸ ਤੋਂ ਇਲਾਵਾ ਜੇ ਕੋਈ ਵਿਅਕਤੀ ਅਲਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਸਟੀਅਰਾਇਡ ਦੀ ਵਰਤੋਂ ਕਰਦਾ ਹੈ ਤਾਂ ਉਹ ਗਲੋਕੋਮਾ/ਕਾਲੇ ਮੋਤੀਏ ਤੋਂ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਵਿਅਕਤੀ ਨੂੰ ਆਪਣੀਆਂ ਅੱਖਾਂ ਦੀ ਜਾਂਚ ਨਿਯਮਤ ਸਮੇਂ ‘ਤੇ ਕਰਵਾਉਂਦੇ ਰਹਿਣਾ ਚਾਹੀਦਾ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗਲੋਕੋਮਾ ਮੁਕਤ ਸੰਸਾਰ ਲਈ ਸਾਨੂੰ ਸਭ ਨੂੰ ਇੱਕਜੁਟ ਹੋਣਾ ਚਾਹੀਦਾ ਹੈ ਅਤੇ ਆਪਣੀਆਂ ਅੱਖਾਂ ਦੀ ਨਿਯਮਿਤ ਜਾਂਚ ਕਰਵਾਉਣ ਦੇ ਨਾਲ-ਨਾਲ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਦੌਰਾਨ ਸੀਐੱਚਸੀ ਅਮਰਗੜ੍ਹ ਵਿਖੇ ਲਗਾਏ ਗਏ ਕੈਂਪ ‘ਚ ਲੋਕਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button
error: Content is protected !!