Uncategorized

ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਮਾਲੇਰਕੋਟਲਾ ਵਿੱਚ ਬਾਲ ਭਿੱਖਿਆ ਵਿਰੁੱਧ ਕੀਤੀ ਵਿਸ਼ੇਸ਼ ਚੈਕਿੰਗ

ਜਾਂਚ ਦੌਰਾਨ ਭੀਖ ਮੰਗਦੇ 2 ਬੱਚੇ ਰੈਸਕਿਊ, ਭਵਿੱਖ ਵਿੱਚ ਭੀਖ ਨਾ ਮੰਗਾਉਣ ਦੇ ਭਰੋਸੇ ਤੇ ਮਾਪਿਆਂ ਨੂੰ ਕੀਤੇ ਸਪੁਰਦ

ਮਾਲੇਰਕੋਟਲਾ, 4 ਫਰਵਰੀ ( ਸੂਤਰ ) ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰੋਜੈਕਟ ਜੀਵਨ ਜੋਤ 2.0 ਅਧੀਨ ਮਾਲੇਰਕੋਟਲਾ ਵਿਖੇ ਬੱਚਿਆਂ ਨੂੰ ਭੀਖ ਮੰਗਣ ਦੀਆਂ ਘਟਨਾਵਾਂ ਤੋਂ ਬਚਾਉਣ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅਤੇ ਭੀੜ-ਭਾੜ ਵਾਲੀਆਂ ਥਾਵਾਂ ’ਤੇ ਬਾਲ ਵਿਭਾਗ ਦੀ ਟੀਮ ਵੱਲੋਂ ਬਾਲ ਭਿੱਖਿਆ ਸਬੰਧੀ ਜਾਂਚ ਕੀਤੀ ਗਈ।

ਇਸ ਚੈਕਿੰਗ ਦੌਰਾਨ ਦੋ ਬੱਚੇ ਬਜ਼ਾਰ ਵਿੱਚ ਭੀਖ ਮੰਗਦੇ ਪਾਏ ਗਏ। ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਦੀ ਟੀਮ ਵੱਲੋਂ ਬੱਚਿਆਂ ਨਾਲ ਸੰਵੇਦਨਸ਼ੀਲ ਢੰਗ ਨਾਲ ਗੱਲਬਾਤ ਕੀਤੀ ਗਈ ਅਤੇ ਬੱਚਿਆਂ ਨੂੰ ਚਾਇਲਡ ਵੈਲਫੇਅਰ ਕਮੇਟੀ (CWC) ਦੀ ਟੀਮ ਦੇ ਸਪੁਰਦ ਕੀਤਾ ਗਿਆ।

ਜਿੱਥੇ ਮਾਹਿਰਾਂ ਵੱਲੋਂ ਬੱਚਿਆਂ ਦੀ ਕਾਉਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਲਈ ਗਈ। ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਸਪੁਰਦ ਕਰਕੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਬੱਚਿਆਂ ਤੋਂ ਮੁੜ ਭੀਖ ਮੰਗਵਾਉਣ ’ਤੇ ਉਨ੍ਹਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਾਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਚੈਕਿੰਗਾਂ ਦਾ ਮਕਸਦ ਬੱਚਿਆਂ ਨੂੰ ਸੜਕਾਂ ’ਤੇ ਭੀਖ ਮੰਗਣ ਜਾਂ ਹੋਰ ਖਤਰਨਾਕ ਹਾਲਾਤਾਂ ਤੋਂ ਬਚਾ ਕੇ ਉਨ੍ਹਾਂ ਨੂੰ ਸਿੱਖਿਆ ਅਤੇ ਸੁਰੱਖਿਅਤ ਵਾਤਾਵਰਣ ਨਾਲ ਜੋੜਨਾ ਹੈ।

ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਬੱਚਿਆਂ ਨੂੰ ਭੀਖ ਦੇਣ ਦੀ ਬਜਾਏ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 1098 ’ਤੇ ਸੰਪਰਕ ਕਰਨ, ਤਾਂ ਜੋ ਬੱਚਿਆਂ ਦਾ ਭਵਿੱਖ ਸੁਰੱਖਿਅਤ ਅਤੇ ਉਜਲਾ ਬਣਾਇਆ ਜਾ ਸਕੇ।

ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਮੁਬੀਨ ਕੁਰੇਸ਼ੀ, ਥਾਣਾ ਮੁਖੀ ਬਲਵੀਰ ਸਿੰਘ, ਕੌਂਸਲਰ ਰਵਿੰਦਰ ਕੌਰ, ਸਿੱਖਿਆ ਵਿਭਾਗ ਤੋਂ ਕੁਲਵੀਰ ਸਿੰਘ, ਕੇਸ ਵਰਕਰ (ਚਾਈਲਡ ਲਾਈਨ) ਇਮਤਿਆਜ਼ ਅਹਿਮਦ ਅਤੇ ਮੀਡੀਆ ਸਹਾਇਕ ਪਰਗਟ ਸਿੰਘ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!