ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਵਲੋਂ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲੇ ਦੀ ਸ਼ੁਰੂਆਤ
ਔਰਤਾਂ ਨੂੰ ਹੋਰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਵੇਗਾ ਪੰਜਾਬ ਸਖੀ ਸ਼ਕਤੀ ਮੇਲਾ

ਨਵਾਂਸ਼ਹਿਰ, 5 ਫਰਵਰੀ ( ਸੂਤਰ ) ਸਥਾਨ ਆਈ.ਟੀ.ਆਈ ਦੀ ਗਰਾਊਂਡ ਵਿਖੇ ਲਗੇ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲੇ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ’ਤੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ ਜਨਰਲ ਜਗਦੀਪ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।


ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਤੇ ਉਦਯੋਗ ਅਤੇ ਵਣਜ ਵਿਭਾਗ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਕਰਵਾਏ ਜਾ ਰਹੇ ਤਿੰਨ ਰੋਜ਼ਾ ਪੰਜਾਬ ਸਖੀ ਸ਼ਕਤੀ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਸ਼ਮਾ ਰੋਸ਼ਨ ਕਰਕੇ ਮੇਲੇ ਦੀ ਸ਼ੁਰੂਆਤ ਕੀਤੀ। ਉਨ੍ਹਾਂ ਇਸ ਮੌਕੇ ‘ਤੇ ਘਰੇਲੂ ਸਜਾਵਟੀ ਸਮਾਨ, ਹੈਂਡੀਕਾਰਫਟ ਅਤੇ ਆਰਗੇਨਿਕ ਉਤਪਾਦਨ, ਘਰੇਲੂ ਮਸਾਲੇ ਅਤੇ ਆਚਾਰ, ਝੂਲੇ, ਸੱਭਿਆਚਾਰਕ ਪ੍ਰੋਗਰਾਮ ਅਤੇ ਫੂਡ ਸਟਾਲ ਦਾ ਦੌਰਾ ਕੀਤਾ ਅਤੇ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ।

ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਸਵੈ ਸਹਾਇਤਾ ਸਮੂਹ ਅਤੇ ਸਬੰਧਤ ਵਿਭਾਗ ਵੱਲੋਂ 50 ਤੋਂ ਵੱਧ ਸਟਾਲ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮੇਲੇ ਵਿੱਚ ਸਵੈ ਸਹਾਇਤਾ ਸਮੂਹ ਵੱਲੋਂ ਬਣਾਏ ਗਏ ਉਤਪਾਦਨਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ ਤਾਂ ਕਿ ਉਨ੍ਹਾਂ ਦੇ ਉਤਪਾਦਨਾਂ@ ਦੀ ਬਿਹਤਰ ਮਾਰਕਟਿੰਗ ਹੋ ਸਕੇ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਆਪਣੇ ਉਤਪਾਦਨ ਵੇਚਣ ਲਈ ਬਿਹਤਰ ਮੰਚ ਪ੍ਰਾਪਤ ਹੋ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿੱਚ ਵੱਧ ਤੋਂ ਵੱਧ ਆ ਕੇ ਸਵੈ ਸਹਾਇਤਾ ਸਮੂਹ ਵੱਲੋਂ ਬਣਾਏ ਗਏ ਉਤਪਾਦਨਾਂ ਨੂੰ ਖਰੀਦ ਕਰਕੇ ਬੜਾਵਾ ਦੇਣ ਤਾਂ ਕਿ ਮਹਿਲਾ ਸ਼ਕਤੀਕਰਣ ਨੂੰ ਮਜ਼ਬੂਤੀ ਮਿਲ ਸਕੇ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਗਾਏ ਗਏ ਮੇਲੇ ਵਿੱਚ ਵੱਖ-ਵੱਖ ਸਕੂਲੀ ਵਿਦਿਆਰਥੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਖਰੀਦਦਾਰੀ ਦੇ ਨਾਲ–ਨਾਲ ਮੇਲਾ ਦਾ ਭਰਪੂਰ ਅਨੰਦ ਲੈ ਸਕਣ। ਮੇਲੇ ਦੌਰਾਨ ਬੱਚਿਆਂ ਦੇ ਝੂਲੇ, ਘਰੇਲੂ ਸਜਾਵਟੀ ਸਮਾਨ ਦੇ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਮੇਲੇ ਵਿੱਚ ਬਲਾਕ ਪ੍ਰਧਾਨ ਵੂਮੈਨ ਵਿੰਗ ਗੁਰਪ੍ਰੀਤ ਕੌਰ,ਜ਼ਿਲ੍ਹਾ ਸਿੱਖਿਆ ਅਫ਼ਸਰ ਅਨੀਤਾ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।



