ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੱਢੇ ਜਾ ਰਹੇ ਨਗਰ ਕੀਰਤਨ ਨੂੰ ਲੈ ਕੇ ਜਿਲ੍ਹਾ ਮੈਜਿਸਟਰੇਟ ਨੇ ਕੀਤੇ ਪਾਬੰਦੀਆਂ ਦੇ ਹੁਕਮ ਜਾਰੀ
ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਅਤੇ ਬੀੜੀ-ਸਿਗਰੇਟ, ਤੰਬਾਕੂ ਆਦਿ ਦੀਆਂ ਦੁਕਾਨਾਂ ਬੰਦ ਰੱਖਣ ਦਾ ਹੁਕਮ

ਪਠਾਣਕੋਟ 19 ਨਵੰਬਰ ( ਬਿਊਰੋ ) ਜ਼ਿਲਾ ਮੈਜਿਸਟਰੇਟ ਪਠਾਨਕੋਟ ਡਾ. ਪੱਲਵੀਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ਤੇ ਮਨਾਈ ਜਾ ਰਹੀ ਹੈ।

ਜਿਸ ਦੇ ਸਬੰਧ ਵਿੱਚ ਇੱਕ ਨਗਰ ਕੀਰਤਨ ਸ੍ਰੀਨਗਰ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੇਗਾ। ਇਹ ਨਗਰ ਕੀਰਤਨ ਮਿਤੀ 20.11.2025 ਨੂੰ ਮਾਧੋਪੁਰ, ਸੁਜਾਨਪੁਰ, ਮਲਕਪੁਰ, ਛੋਟੀ ਨਹਿਰ, ਟੈਂਕ ਚੌਕ, ਬੱਸ ਅੱਡਾ ਪਠਾਨਕੋਟ, ਲਾਈਟਾਂ ਵਾਲਾ ਚੌਂਕ, ਮਿਸ਼ਨ ਚੈੱਕ ਹੁੰਦੇ ਹੋਏ ਰਾਤ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਿਸ਼ਨ ਰੋਡ, ਪਠਾਨਕੋਟ ਵਿਖੇ ਠਹਿਰੇਗਾ।

ਇਸੇ ਤਰ੍ਹਾਂ ਮਿਤੀ 21.11.2025 ਨੂੰ ਸਵੇਰੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਮਿਸ਼ਨ ਰੋਡ, ਪਠਾਨਕੋਟ ਤੋਂ ਚੱਲ ਕੇ ਸਿੰਬਲ ਹੱਕ, ਚੱਕੀ ਪੁੱਲ, ਡਮਟਾਲ, ਮੀਰਥਲ, ਟੋਲ ਪਲਾਜਾ ਮਾਨਸਰ ਤੋਂ ਹੁੰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਵਿੱਚ ਦਾਖਲ ਹੋ ਜਾਵੇਗਾ।

ਇਸ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਵਨ ਸਰੂਪ, ਪੰਜ ਪਿਆਰੇ ਅਤੇ ਬਹੁਤ ਸਾਰੀ ਸੰਗਤ ਸ਼ਾਮਿਲ ਹੋਣ ਦੀ ਸੰਭਾਵਨਾ ਹੈ।

ਉਹਨਾਂ ਦੱਸਿਆ ਕਿ ਇਸ ਲਈ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ ਮਿਤੀ 20.11.2025 ਦੁਪਹਿਰ 12:00 ਵਜੇ ਤੋਂ ਲੈ ਕੇ 21.11.2025 ਦੁਪਹਿਰ 12:00 ਵਜੇ ਤੱਕ ਸ਼ਰਾਬ ਦੇ ਠੇਕੇ, ਮੀਟ ਦੀਆਂ ਦੁਕਾਨਾਂ ਅਤੇ ਬੀੜੀ-ਸਿਗਰੇਟ, ਤੰਬਾਕੂ ਆਦਿ ਦੀਆਂ ਦੁਕਾਨਾਂ ਬੰਦ ਰੱਖਣ ਦਾ ਹੁਕਮ ਦਿੱਤਾ ਜਾਂਦਾ ਹੈ।

ਇਸ ਤੋਂ ਇਲਾਵਾ ਇਸ ਨਿਸ਼ਚਿਤ ਸਮੇਂ ਦੌਰਾਨ ਜਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ ਹੋਟਲ, ਦੁਕਾਨ, ਰੈਸਟੋਰੈਂਟ, ਕਲੱਬ, ਬੀਅਰ ਬਾਰ, ਅਹਾਤੇ, ਜਿੱਥੇ ਸ਼ਰਾਬ ਵੇਚਣ ਤੇ ਪੀਣ ਦੀ ਕਾਨੂੰਨੀ ਇਜਾਜ਼ਤ ਹੈ ਜਾਂ ਹੋਰ ਜਨਤਕ ਥਾਂਵਾਂ ਆਦਿ ‘ਤੇ ਸ਼ਰਾਬ ਦੀ ਵਿਕਰੀ ਕਰਨ, ਪੀਣ/ਪਿਲਾਉਣ ਤੇ ਵੀ ਪਾਬੰਦੀ ਲਗਾਈ ਜਾਂਦੀ ਹੈ। #Loksampark #highlight #MLA #punjabinewspapernewsvarta #newsvartapunjabinewspaper #dc #DPRO #ministerofpunjab #PunjabiNews #mycitymynews #ਪੰਜਾਬ_ਸਰਕਾਰ #newsvartacurrentnews #currentnews #malerkotla #latestupdates #latestnewsupdate




