ਸਲਾਨਾ ਟ੍ਰੇਨਿੰਗ ਕੈਂਪ ਲਈ 600 ਦੇ ਕਰੀਬ ਐਨਸੀਸੀ ਕੈਡੇਟ ਰੂਪਨਗਰ ਰਵਾਨਾ
ਦਸ ਰੋਜ਼ਾ ਕੈਂਪ ਦੌਰਾਨ ਡਰਿੱਲ, ਮੈਪ ਰੀਡਿੰਗ, ਹਥਿਆਰ ਸਿਖਲਾਈ, ਨਾਈਟ ਮਾਰਚ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ

ਅੰਮ੍ਰਿਤਸਰ, 14 ਅਗਸਤ ( ਸੂਤਰ )

ਫਸਟ ਪੰਜਾਬ ਬਟਾਲੀਅਨ ਐਨਸੀਸੀ, ਅੰਮ੍ਰਿਤਸਰ ਨਾਲ ਸਬੰਧਤ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਐਨਸੀਸੀ ਕੈਡਟਾਂ ਨੂੰ ਸਲਾਨਾ ਟ੍ਰੇਨਿੰਗ ਕੈਂਪ ਵਿੱਚ ਭਾਗ ਲੈਣ ਲਈ ਐਨਸੀਸੀ ਅਕੈਡਮੀ, ਰੂਪਨਗਰ ਲਈ ਰਵਾਨਾ ਕੀਤਾ ਗਿਆ। ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਐਨਸੀਸੀ ਕੈਡਟ ਬੱਸਾਂ ਰਾਹੀਂ ਭਾਰਤ ਮਾਤਾ ਕੀ ਜੈ ਅਤੇ ਐਨਸੀਸੀ ਕੀ ਜੈ ਦੇ ਨਾਅਰਿਆਂ ਨਾਲ ਰੂਪਨਗਰ ਲਈ ਰਵਾਨਾ ਹੋਏ। ਇਸ ਮੌਕੇ ਸਕੂਲਾਂ ਦੇ ਐਨਸੀਸੀ ਅਫਸਰਾਂ ਅਤੇ ਆਰਮੀ ਸਟਾਫ ਵੱਲੋਂ ਵੀ ਕੈਡਟਾਂ ਨਾਲ ਰਵਾਨਗੀ ਕੀਤੀ ਗਈ।

ਕੈਂਪ ਕਮਾਂਡੈਂਟ ਕਰਨਲ ਗੁਰਪੁਰਦੀਪ ਸਿੰਘ, ਕਮਾਂਡਿੰਗ ਅਫਸਰ, ਫਸਟ ਪੰਜਾਬ ਬਟਾਲੀਅਨ ਐਨਸੀਸੀ, ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਸ ਰੋਜ਼ਾ ਸਲਾਨਾ ਟ੍ਰੇਨਿੰਗ ਕੈਂਪ ਵਿੱਚ ਲਗਭਗ 600 ਐਨਸੀਸੀ ਕੈਡਟ ਭਾਗ ਲੈਣਗੇ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕੈਡਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਸਰੀਰਕ ਤੰਦਰੁਸਤੀ, ਟੀਮ ਵਰਕ ਅਤੇ ਵੱਖ-ਵੱਖ ਸੈਨਿਕ ਗਤੀਵਿਧੀਆਂ ਸਬੰਧੀ ਵਿਹਾਰਕ ਸਿਖਲਾਈ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਮੈਪ ਰੀਡਿੰਗ, ਡਰਿੱਲ, ਪੁਆਇੰਟ-ਟੂ-ਪੁਆਇੰਟ ਮਾਰਚ, ਹਥਿਆਰ ਸਿਖਲਾਈ, ਨਾਈਟ ਮਾਰਚ ਅਤੇ ਟੈਂਟ ਪਿਚਿੰਗ ਸਮੇਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੈਡਟਾਂ ਦੀ ਜਾਣਕਾਰੀ ਅਤੇ ਹੁਨਰ ਵਿੱਚ ਵਾਧਾ ਕਰਨ ਲਈ ਫਾਇਰ ਫਾਈਟਿੰਗ, ਫਸਟ ਏਡ, ਟ੍ਰੈਫਿਕ ਨਿਯਮਾਂ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ’ਤੇ ਵਿਸ਼ੇਸ਼ ਲੈਕਚਰ ਵੀ ਕਰਵਾਏ ਜਾਣਗੇ।

ਕਰਨਲ ਗੁਰਪੁਰਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਰਿਪਬਲਿਕ ਡੇ ਪਰੇਡ ਨਾਲ ਸਬੰਧਤ ਐਨਸੀਸੀ ਕੈਡਟਾਂ ਦੀ ਚੋਣ ਪ੍ਰਕਿਰਿਆ ਵੀ ਕੀਤੀ ਜਾਵੇਗੀ। ਕੈਡਟਾਂ ਦੀ ਯੋਗਤਾ, ਅਨੁਸ਼ਾਸਨ, ਸਰੀਰਕ ਸਮਰੱਥਾ ਅਤੇ ਵੱਖ-ਵੱਖ ਐਨਸੀਸੀ ਗਤੀਵਿਧੀਆਂ ਵਿੱਚ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਪ੍ਰਕਿਰਿਆ ਅੱਗੇ ਵਧਾਈ ਜਾਵੇਗੀ। ਇਸ ਮੌਕੇ ਡਿਪਟੀ ਕੈਂਪ ਕਮਾਂਡਰ ਲੈਫਟੀਨੈਂਟ ਕਰਨਲ ਅੰਮ੍ਰਿਤਪਾਲ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਨੇ ਕੈਡਟਾਂ ਨੂੰ ਕੈਂਪ ਦੌਰਾਨ ਪੂਰੇ ਅਨੁਸ਼ਾਸਨ, ਸਮਰਪਣ ਅਤੇ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਕੈਪਟਨ ਅਨਿਲ ਕੁਮਾਰ, ਕੈਪਟਨ ਪ੍ਰਦੀਪ ਕੁਮਾਰ, ਕੈਪਟਨ ਸੁਖਪਾਲ ਸਿੰਘ ਸੰਧੂ, ਲੈਫਟੀਨੈਂਟ ਹਰਮਨਪ੍ਰੀਤ ਸਿੰਘ, ਲੈਫਟੀਨੈਂਟ ਸਤਿੰਦਰ ਸਿੰਘ, ਸੀਟੀਓ ਬੀਰ ਇੰਦਰ ਸਿੰਘ, ਸੀਟੀਓ ਸਿਮਰਨਪ੍ਰੀਤ ਸਿੰਘ, ਸੂਬੇਦਾਰ ਜਤਿੰਦਰ ਸਿੰਘ, ਸੂਬੇਦਾਰ ਪਰਗਟ ਸਿੰਘ, ਨਾਇਬ ਸੂਬੇਦਾਰ ਰਾਜੀਵ ਕੁਮਾਰ, ਨਾਇਬ ਸੂਬੇਦਾਰ ਗੁਰਪਾਲ ਸਿੰਘ, ਹਵਾਲਦਾਰ ਗੁਰਦੀਪ ਸਿੰਘ ਸਮੇਤ ਐਨਸੀਸੀ ਸਟਾਫ, ਵੱਖ-ਵੱਖ ਸਕੂਲਾਂ ਤੋਂ ਆਏ ਸੀਟੀਓਜ਼, ਐਨਸੀਸੀ ਅਫਸਰ ਅਤੇ ਵੱਡੀ ਗਿਣਤੀ ਵਿੱਚ ਐਨਸੀਸੀ ਕੈਡਟ ਹਾਜ਼ਰ ਸਨ।

ਫਸਟ ਪੰਜਾਬ ਬਟਾਲੀਅਨ ਐਨਸੀਸੀ ਵੱਲੋਂ ਕਰਵਾਇਆ ਜਾ ਰਿਹਾ ਇਹ ਸਲਾਨਾ ਟ੍ਰੇਨਿੰਗ ਕੈਂਪ ਨੌਜਵਾਨ ਕੈਡਟਾਂ ਵਿੱਚ ਅਨੁਸ਼ਾਸਨ, ਦੇਸ਼ ਭਗਤੀ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਟੀਮ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।




