ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ, ਡੀ.ਸੀ. ਅਤੇ ਐਸ.ਐਸ.ਪੀ. ਨੇ 13 ਅਗਸਤ ਨੂੰ ਫਗਵਾੜਾ ਵਿਖੇ ਹੋਣ ਵਾਲੇ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਧਾਰਮਿਕ ਸਮਾਗਮ 'ਚ ਬਾਲੀਵੁੱਡ ਗਾਇਕ ਕੈਲਾਸ਼ ਖੇਰ ਦੇਣਗੇ ਪੇਸ਼ਕਾਰੀ

ਫਗਵਾੜਾ, 12 ਅਗਸਤ ( ਸੂਤਰ )

ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਅਤੇ ਐਸ.ਐਸ.ਪੀ. ਗੌਰਵ ਤੂਰਾ ਨੇ ਸਕੂਲ ਆਫ਼ ਐਮੀਨੈਂਸ ਦੇ ਖੇਡ ਮੈਦਾਨ ਵਿੱਚ 13 ਅਗਸਤ ਨੂੰ ਹੋਣ ਵਾਲੇ ਧਾਰਮਿਕ ਪ੍ਰੋਗਰਾਮ ‘ਇੱਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਧਾਰਮਿਕ ਸਮਾਗਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਰਧਾਲੂ ਵਜੋਂ ਸ਼ਿਰਕਤ ਕਰਨਗੇ।

ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ, ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਅਤੇ ਐਸ.ਐਸ.ਪੀ. ਗੌਰਵ ਤੂਰਾ ਨੇ ਸਟੇਜ, ਬੈਠਣ ਦੇ ਪ੍ਰਬੰਧ, ਸੁਰੱਖਿਆ, ਸੁਚਾਰੂ ਟ੍ਰੈਫਿਕ, ਪਾਰਕਿੰਗ,ਸਾਫ- ਸਫ਼ਾਈ, ਪੀਣ ਵਾਲੇ ਸਾਫ ਪਾਣੀ, ਬਿਜਲੀ ਦੀ ਸਪਲਾਈ, ਸਿਹਤ ਸੇਵਾਵਾਂ, ਅੱਗ ਬੁਝਾਊ ਸੁਰੱਖਿਆ ਅਤੇ ਹੋਰ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਬੁੱਧਵਾਰ ਤੱਕ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਮਾਗਮ ਦੌਰਾਨ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਐਮ.ਪੀ. ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਮਾਗਮ ਨੂੰ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਸਾਰੇ ਵਿਭਾਗਾਂ ਵਿਚਕਾਰ ਤਾਲਮੇਲ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਪ੍ਰੋਗਰਾਮ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੈਲਾਸ਼ ਖੇਰ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਸਾਰੇ ਵਿਭਾਗਾਂ ਨੂੰ ਮਿਥੇ ਸਮੇਂ ਅੰਦਰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਅਤੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰੋਗਰਾਮ ਵਾਲੀ ਥਾਂ ‘ਤੇ ਸਾਫ-ਸਫ਼ਾਈ, ਜਨਤਕ ਸਹੂਲਤਾਂ, ਐਮਰਜੈਂਸੀ ਰਿਸਪਾਂਸ, ਨਿਰਵਿਘਨ ਬਿਜਲੀ ਤੇ ਪਾਣੀ ਦੀ ਸਪਲਾਈ ਅਤੇ ਹੋਰ ਜ਼ਰੂਰੀ ਸੇਵਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਐਸ.ਐਸ.ਪੀ. ਗੌਰਵ ਤੂਰਾ ਨੇ ਸੁਰੱਖਿਆ ਅਤੇ ਟ੍ਰੈਫਿਕ ਮੈਨੇਜਮੈਂਟ ਪਲਾਨ ‘ਤੇ ਚਰਚਾ ਕੀਤੀ ਅਤੇ ਪੁਲਿਸ ਅਧਿਕਾਰੀਆਂ ਨੂੰ ਅਮਨ-ਕਾਨੂੰਨ, ਭੀੜ ਪ੍ਰਬੰਧਨ, ਪਾਰਕਿੰਗ ਅਤੇ ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਵਿਆਪਕ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਅਤੇ ਆਮ ਜਨਤਾ ਦੀ ਸੁਰੱਖਿਆ ਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਸਥਾਨਾਂ ‘ਤੇ ਲੋੜੀਂਦੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾਣਗੇ।

ਇਸ ਮੌਕੇ ਹਾਜ਼ਰ ਮੁੱਖ ਸ਼ਖਸੀਅਤਾਂ ਵਿੱਚ ਮੇਅਰ ਰਾਮਪਾਲ ਉੱਪਲ, ਏ.ਡੀ.ਸੀ. ਰਣਦੀਪ ਸਿੰਘ ਹੀਰ, ਐਸ.ਡੀ.ਐਮ. ਨਵਜੋਤ ਸ਼ਰਮਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।




