ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਲਾਭਪਾਤਰੀ ਜੁਲਾਈ ਤੋਂ ਅਕਤੂਬਰ 2026 ਤੱਕ 4 ਮਹੀਨਿਆਂ ਦੀ ਕਣਕ ਪ੍ਰਾਪਤ ਕਰਨਾ ਯਕੀਨੀ ਬਣਾਉਣ: ਗੁਰਜੀਤ ਸਿੰਘ ਦਿਓਲ

ਫਰੀਦਕੋਟ, 10 ਅਗਸਤ ( ਸੂਤਰ )

ਪੰਜਾਬ ਸਰਕਾਰ ਵੱਲੋਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਆਉਂਦੇ ਲਾਭਪਾਤਰੀਆਂ ਨੂੰ ਜੁਲਾਈ 2026 ਤੋਂ ਅਕਤੂਬਰ 2026 ਤੱਕ 4 ਮਹੀਨਿਆਂ ਦੀ ਕਣਕ ਵੰਡੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ, ਫਰੀਦਕੋਟ ਸ੍ਰੀ ਗੁਰਜੀਤ ਸਿੰਘ ਦਿਓਲ ਨੇ ਜ਼ਿਲ੍ਹੇ ਦੇ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਆਉਂਦੇ ਸਮੂਹ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਏਰੀਏ ਦੇ ਸਬੰਧਤ ਡਿਪੂ ਹੋਲਡਰ ਪਾਸੋਂ ਬਣਦੀ ਕਣਕ ਪ੍ਰਾਪਤ ਕਰਨੀ ਯਕੀਨੀ ਬਣਾਉਣ।

ਉਨ੍ਹਾਂ ਦੱਸਿਆ ਕਿ ਪ੍ਰਾਥਮਿਕਤਾ ਵਾਲੇ ਪਰਿਵਾਰ ਕਾਰਡ ਹੋਲਡਰਾਂ ਨੂੰ ਪ੍ਰਤੀ ਜੀਅ ਪ੍ਰਤੀ ਮਹੀਨਾ 20 ਕਿਲੋ ਕਣਕ, ਜਦਕਿ ਅੰਤਯੋਦਯ ਅੰਨਾ ਯੋਜਨਾ ਕਾਰਡ ਹੋਲਡਰਾਂ ਨੂੰ ਪ੍ਰਤੀ ਕਾਰਡ ਪ੍ਰਤੀ ਮਹੀਨਾ 35 ਕਿਲੋ ਕਣਕ ਪ੍ਰਾਪਤ ਹੋਵੇਗੀ। ਇਸ ਤਹਿਤ ਲਾਭਪਾਤਰੀ ਜੁਲਾਈ 2026 ਤੋਂ ਅਕਤੂਬਰ 2026 ਤੱਕ ਚਾਰ ਮਹੀਨਿਆਂ ਦੀ ਬਣਦੀ ਕਣਕ ਆਪਣੇ ਸਬੰਧਤ ਡਿਪੂ ਹੋਲਡਰ ਤੋਂ ਪ੍ਰਾਪਤ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਰਾਸ਼ਨ ਮੁਹੱਈਆ ਕਰਵਾਉਣ ਲਈ ਇਹ ਸਕੀਮ ਲਾਗੂ ਕੀਤੀ ਗਈ ਹੈ। ਇਸ ਸਕੀਮ ਤਹਿਤ ਕੋਈ ਵੀ ਯੋਗ ਲਾਭਪਾਤਰੀ ਕਣਕ ਦੀ ਸਹੂਲਤ ਤੋਂ ਵਾਂਝਾ ਨਹੀਂ ਰਹੇਗਾ। ਉਨ੍ਹਾਂ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰਾਸ਼ਨ ਕਾਰਡ ਅਨੁਸਾਰ ਬਣਦੀ ਕਣਕ ਆਪਣੇ ਸਬੰਧਤ ਡਿਪੂ ਤੋਂ ਪ੍ਰਾਪਤ ਕਰਨ।

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਲਾਭਪਾਤਰੀ ਨੂੰ ਕਣਕ ਦੀ ਵੰਡ ਸਬੰਧੀ ਕਿਸੇ ਕਿਸਮ ਦੀ ਸ਼ਿਕਾਇਤ ਜਾਂ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਸਬੰਧਤ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਦੇ ਇੰਸਪੈਕਟਰ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪ੍ਰਾਪਤ ਸ਼ਿਕਾਇਤਾਂ ਦਾ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਦਿਆਂ ਨਿਪਟਾਰਾ ਕੀਤਾ ਜਾਵੇਗਾ।




