ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਵਿੱਚ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਯਕੀਨੀ ਬਣਾਉਣ ਦੇ ਨਿਰਦੇਸ਼
ਸਕੂਲਾਂ, ਆਂਗਨਵਾੜੀ ਕੇਂਦਰਾਂ ਸਮੇਤ ਵੱਖ ਵੱਖ ਥਾਈਂ ਪਾਣੀ ਦੀਆਂ ਟੈਂਕੀਆਂ ਦੀ ਸਫਾਈ ਅਤੇ ਸੈਂਪਲਿੰਗ ਉੱਤੇ ਦਿੱਤਾ ਜ਼ੋਰ

ਬਰਨਾਲਾ, 8 ਅਗਸਤ ( ਸੂਤਰ )

ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈਏਐੱਸ ਵਲੋਂ ਏਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਜ਼ਿਲ੍ਹੇ ਵਿੱਚ ਪਿੰਡਾਂ/ਸ਼ਹਿਰਾਂ, ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਵਿੱਚ ਪਾਣੀ ਦੀ ਸ਼ੁੱਧਤਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।

ਇਸ ਮੌਕੇ ਉਹਨਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੂੰ ਪਿੰਡਾਂ ਵਿਚ ਟੈਂਕੀਆਂ ਦੀ ਸਫਾਈ, ਸਮੇਂ ਸਮੇਂ ‘ਤੇ ਕਲੋਰੀਨੇਸ਼ਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਾਣੀ ਦੀ ਸੈਂਪਲਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ। ਓਹਨਾਂ ਸੀਵਰੇਜ ਬੋਰਡ ਨੂੰ ਸ਼ਹਿਰਾਂ ਵਿੱਚ ਇਹ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ।

ਇਸ ਮੌਕੇ ਉਹਨਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪਾਣੀ ਦੀਆਂ ਟੈਂਕੀਆਂ ਦੀ ਸਫਾਈ ਅਤੇ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਬੱਚਿਆਂ ਲਈ ਸ਼ੁੱਧ ਪੀਣ ਵਾਲਾ ਪਾਣੀ ਯਕੀਨੀ ਬਣਾਇਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਬਰਸਾਤੀ ਮੌਸਮ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਕਰਨ ਅਤੇ ਖੜ੍ਹੇ ਪਾਣੀ ਦੀ ਟੈਸਟਿੰਗ ਯਕੀਨੀ ਬਣਾਉਣ ਅਤੇ ਵੱਧ ਤੋਂ ਵੱਧ ਟੀਮਾਂ ਤਾਇਨਾਤ ਕਰਨ ਲਈ ਕਿਹਾ ਤਾਂ ਜੋ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰਹੇ।

ਇਸ ਮੌਕੇ ਉਹਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਜੇਕਰ ਆਰ ਓ ਪਲਾਂਟਾਂ ਵਿਚ ਕਿਧਰੇ ਕੋਈ ਨੁਕਸ ਨਜ਼ਰ ਆਉਂਦਾ ਹੈ ਜਾਂ ਕੀਤੇ ਪਾਣੀ ਦਾ ਰਲੇਵਾਂ ਹੁੰਦਾ ਹੈ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਨੁਕਸ ਠੀਕ ਕਰਵਾਇਆ ਜਾਵੇ। ਸਮੇਂ ਸਮੇਂ ਉੱਤੇ ਕਲੋਰੀਨੇਸ਼ਨ ਕਰਵਾਈ ਜਾਵੇ ਅਤੇ ਲੋਕਾਂ ਨੂੰ ਬਰਸਾਤਾਂ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

ਇਸ ਮੌਕੇ ਐੱਸਡੀਐਮ ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ, ਐੱਸਡੀਐਮ ਤਪਾ ਆਯੂਸ਼ ਗੋਇਲ, ਐੱਸਡੀਐਮ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ, ਸਿਵਲ ਸਰਜਨ ਡਾ. ਹਰੀਪਾਲ ਸਿੰਘ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਚਮਕ ਸਿੰਗਲਾ, ਐਕਸੀਅਨ ਸੀਵਰੇਜ ਬੋਰਡ ਤਿਲਕ ਰਾਜ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਨੀਤਇੰਦਰ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।




