ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਮਲੇਰਕੋਟਲਾ ਦੀ ਜ਼ਿਲ੍ਹਾ ਇਕਾਈ ਦਾ ਗਠਨ
ਡਾ. ਸਲਮਾਨ ਕਪੂਰ ਜ਼ਿਲ੍ਹਾ ਪ੍ਰਧਾਨ ਤੇ ਸੁਨੀਲ ਕੁਮਾਰ ਵਸ਼ਿਸ਼ਟ ਜਨਰਲ ਸਕੱਤਰ ਚੁਣੇ ਗਏ

ਮਲੇਰਕੋਟਲਾ, 22 Jun

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾਈ ਸਕੱਤਰ ਜਨਰਲ ਸੰਤੋਖ ਗਿੱਲ ਨੇ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੱਤਰਕਾਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਸੂਬਾ ਅਤੇ ਕੇਂਦਰ ਸਰਕਾਰ ਦੀ ਡੰਗ-ਟਪਾਊ ਨੀਤੀ ਦੀ ਤਿੱਖੀ ਅਲੋਚਨਾ ਕੀਤੀ। ਉਨ੍ਹਾਂ ਪੱਤਰਕਾਰ ਭਾਈਚਾਰੇ ਇੱਕਜੁੱਟ ਹੋ ਕੇ ਸੰਘਰਸ਼ ਦਾ ਸੱਦਾ ਦਿੱਤਾ। ਜਥੇਬੰਦੀ ਨੂੰ ਜ਼ਮੀਨੀ ਪੱਧਰ ‘ਤੇ ਹੋਰ ਮਜ਼ਬੂਤ ਕਰਨ ਅਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਐਤਵਾਰ ਇੱਥੋਂ ਦੇ ਕਾਰਨੇਟ ਕੈਫੇ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਗਈ।

ਜਥੇਬੰਦੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਭੂਸ਼ਣ ਸੂਦ, ਮੀਤ ਪ੍ਰਧਾਨ ਜਗਸੀਰ ਸਿੰਘ ਸੰਧੂ ਅਤੇ ਲੁਧਿਆਣਾ ਜ਼ਿਲ੍ਹੇ ਦੇ ਜਨਰਲ ਸਕੱਤਰ ਅਮਰਜੀਤ ਧੰਜਲ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹੇ ਦੇ ਅਹਿਮਦਗੜ੍ਹ, ਅਮਰਗੜ੍ਹ, ਕੁੱਪ ਅਤੇ ਮਲੇਰਕੋਟਲਾ ਖੇਤਰ ਦੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਮੀਟਿੰਗ ਦੌਰਾਨ ਸੂਬਾਈ ਆਗੂਆਂ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ (ਰਜਿ.) ਦੀ ਮਲੇਰਕੋਟਲਾ ਜ਼ਿਲ੍ਹਾ ਇਕਾਈ ਦਾ ਗਠਨ ਕੀਤਾ ਗਿਆ।

ਰੋਜ਼ਾਨਾ ਫ਼ਖ਼ਰ-ਏ-ਹਿੰਦ ਦੇ ਮੁੱਖ ਸੰਪਾਦਕ ਡਾ. ਸਲਮਾਨ ਕਪੂਰ ਜ਼ਿਲ੍ਹਾ ਪ੍ਰਧਾਨ, ਸੀਨੀਅਰ ਪੱਤਰਕਾਰ ਸੁਨੀਲ ਕੁਮਾਰ ਵਸ਼ਿਸ਼ਟ ਮੁੱਖ ਸੰਪਾਦਕ ਨਿਊਜ਼ ਵਾਰਤਾ ਨੂੰ ਜਨਰਲ ਸਕੱਤਰ, ਡਾ. ਕੁਲਵਿੰਦਰ ਸਿੰਘ ਗਿੱਲ (ਕੁੱਪ ਕਲਾਂ) ਸੀਨੀਅਰ ਵਾਈਸ ਪ੍ਰਧਾਨ, ਵਰਿੰਦਰ ਗਿੱਲ ਵਾਈਸ ਪ੍ਰਧਾਨ, ਸੁਖਜਿੰਦਰ ਪਾਲ ਸਿੰਘ ਜੁਆਇੰਟ ਸਕੱਤਰ, ਮਾਮੂਨ ਰਸ਼ੀਦ ਸਕੱਤਰ, ਜਗਦੀਸ਼ ਕੁਮਾਰ ਪ੍ਰੈੱਸ ਸਕੱਤਰ ਅਤੇ ਹਰਜਿੰਦਰ ਸੋਢੀ ਖ਼ਜ਼ਾਨਚੀ ਚੁਣੇ ਗਏ। ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਸੁਮੰਤ ਤਲਵਾਨੀ, ਅਨਵਰ ਮਹਿਬੂਬ, ਪਰਮਜੀਤ ਕੁਠਾਲਾ ਅਤੇ ਨਦੀਮ ਖ਼ਾਨ ਸਟੀਰਿੰਗ ਕਮੇਟੀ ਚੁਣੇ ਗਏ।

ਇਸ ਤੋਂ ਇਲਾਵਾ ਪੱਤਰਕਾਰ ਕੁਲਦੀਪ ਸਿੰਘ, ਚੰਦਰ ਕਾਂਤਾ, ਆਮਨਾ ਕਪੂਰ, ਗੁਰਜੰਟ ਸਿੰਘ ਅਤੇ ਮੁਹੰਮਦ ਸ਼ਹਿਬਾਜ਼ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣੇ ਗਏ। ਸੂਬਾਈ ਆਗੂਆਂ ਨੇ ਚੁਣੀ ਟੀਮ ਨੂੰ ਵਧਾਈ ਦਿੱਤੀ ਅਤੇ ਨਵੇਂ ਚੁਣੇ ਅਹੁਦੇਦਾਰਾਂ ਨੇ ਜਥੇਬੰਦੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਅਹਿਦ ਦੁਹਰਾਇਆ।

ਸੂਬਾਈ ਆਗੂਆਂ ਨੇ ਯੂਨੀਅਨ ਦੀਆਂ ਗਤੀਵਿਧੀਆਂ, ਪੱਤਰਕਾਰਾਂ ਦੀਆਂ ਮੰਗਾਂ ਲਈ ਸੰਘਰਸ਼ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੇਸ਼ ਭਰ ਵਿੱਚ ਮੀਡੀਆ ਉਪਰ ਵਧ ਰਹੇ ਹਮਲਿਆਂ ਉਪਰ ਡੰਘੀ ਚਿੰਤਾ ਪ੍ਰਗਟ ਕੀਤੀ ਅਤੇ ਉਨ੍ਹਾਂ ਦੇ ਹੱਕਾਂ ਦੀ ਰੱਖਿਆ, ਸੁਰੱਖਿਆ ਅਤੇ ਪੇਸ਼ੇਵਰ ਮਾਣ-ਸਨਮਾਨ ਨੂੰ ਯਕੀਨੀ ਬਣਾਉਣਾ ਯੂਨੀਅਨ ਦੀ ਪ੍ਰਮੁੱਖ ਤਰਜੀਹ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।

ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ, ਮਾਨਤਾ, ਸੁਰੱਖਿਆ, ਭਲਾਈ ਸਕੀਮਾਂ ਅਤੇ ਮੀਡੀਆ ਖੇਤਰ ਨਾਲ ਜੁੜੇ ਹੋਰ ਅਹਿਮ ਮੁੱਦਿਆਂ ‘ਤੇ ਵੀ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਨਵੇਂ ਚੁਣੇ ਜ਼ਿਲ੍ਹਾ ਪ੍ਰਧਾਨ ਡਾ. ਸਲਮਾਨ ਕਪੂਰ ਅਤੇ ਜਨਰਲ ਸਕੱਤਰ ਕਾਮਰੇਡ ਸੁਨੀਲ ਕੁਮਾਰ ਵਸ਼ਿਸ਼ਟ ਨੇ ਯੂਨੀਅਨ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਲਈ ਸੂਬਾਈ ਆਗੂਆਂ ਅਤੇ ਜ਼ਿਲ੍ਹੇ ਦੇ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਪੱਤਰਕਾਰ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦਾ ਅਹਿਦ ਦੁਹਰਾਇਆ।

ਅੰਤ ਵਿੱਚ ਸੂਬਾਈ ਆਗੂਆਂ ਨੇ ਨਵੀਂ ਚੁਣੀ ਜ਼ਿਲ੍ਹਾ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਮਲੇਰਕੋਟਲਾ ਇਕਾਈ ਯੂਨੀਅਨ ਦੀਆਂ ਨੀਤੀਆਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਉਣ ਦੇ ਨਾਲ-ਨਾਲ ਪੱਤਰਕਾਰ ਭਾਈਚਾਰੇ ਦੀ ਆਵਾਜ਼ ਨੂੰ ਹੋਰ ਬੁਲੰਦ ਕਰੇਗੀ।




