ਗਲਤ ਤੱਥ ਦੇ ਕੇ ਜਨਗਣਨਾ ਡਿਊਟੀ ਕਟਵਾਉਣ ਤੋਂ ਗੁਰੇਜ ਕਰਨ ਕਰਮਚਾਰੀ- ਵਧੀਕ ਡਿਪਟੀ ਕਮਿਸ਼ਨਰ

ਮਾਲੇਰਕੋਟਲਾ, 29 ਅਪ੍ਰੈਲ ( ਵਾਸ਼ਿਸ਼ਟ )

ਜਨਗਣਨਾ ਦੇ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਨੇ ਜ਼ਿਲ੍ਹੇ ਦੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਜਨਗਣਨਾ ਦਾ ਕੰਮ ਰਾਸ਼ਟਰੀ ਮਹੱਤਵ ਦਾ ਹੈ ਅਤੇ ਇਸਨੂੰ ਸਫਲਤਾਪੂਰਵਕ ਪੂਰਾ ਕਰਨਾ ਹਰ ਕਰਮਚਾਰੀ ਦੀ ਨੈਤਿਕ ਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਹੈ ਪਰੰਤੂ ਕਈ ਮੌਕਿਆਂ ’ਤੇ ਕਰਮਚਾਰੀ ਬਿਨਾਂ ਵਾਜਬ ਕਾਰਨ ਦੇ ਆਪਣੀ ਡਿਊਟੀ ਨਿਭਾਉਣ ਤੋਂ ਗੁਰੇਜ਼ ਕਰਦੇ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੈਂਸਜ ਜਾਰੀ ਹੋਣ ਤੋਂ ਬਾਅਦ ਕਈ ਮੁਲਾਜ਼ਮ ਡਿਊਟੀ ਕਟਵਾਉਣ ਲਈ ਅਰਜ਼ੀਆਂ ਦੇ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕੋਈ ਕਰਮਚਾਰੀ ਗਲਤ ਤੱਥਾਂ ਜਾਂ ਝੂਠੇ ਕਾਰਨਾਂ ਦੇ ਆਧਾਰ ’ਤੇ ਡਿਊਟੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਵੈਧ ਕਾਰਨ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਆਪਣੀ ਡਿਊਟੀ ਤੋਂ ਛੂਟ ਨਹੀਂ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਸਿਫ਼ਾਰਸ਼ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਹੋਰ ਕਿਹਾ ਕਿ ਕੇਵਲ ਉਹੀ ਕਰਮਚਾਰੀ ਰਾਹਤ ਦੇ ਹੱਕਦਾਰ ਹੋਣਗੇ ਜੋ ਮੈਡੀਕਲ ਕਾਰਨਾਂ ਕਰਕੇ ਡਿਊਟੀ ਕਰਨ ਦੇ ਯੋਗ ਨਹੀਂ ਹਨ। ਜੇਕਰ ਕੋਈ ਫਰਜ਼ੀ ਮੈਡੀਕਲ ਸਰਟੀਫਿਕੇਟ ਦੇ ਆਧਾਰ ’ਤੇ ਡਿਊਟੀ ਤੋਂ ਬਚਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਮਰਦਮਸ਼ੁਮਾਰੀ ਦੇ ਸਹੀ ਅਤੇ ਭਰੋਸੇਯੋਗ ਅੰਕੜੇ ਹੀ ਸਰਕਾਰ ਦੀਆਂ ਭਵਿੱਖੀ ਨੀਤੀਆਂ, ਯੋਜਨਾਵਾਂ ਅਤੇ ਵਿਕਾਸ ਕਾਰਜਾਂ ਲਈ ਮਜ਼ਬੂਤ ਅਧਾਰ ਸਾਬਤ ਹੁੰਦੇ ਹਨ ਇਸ ਲਈ ਸਮੂਹ ਕਰਮਚਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਮਰਦਮਸ਼ੁਮਾਰੀ 2027 ਬਿਨਾਂ ਕਿਸੇ ਰੁਕਾਵਟ ਦੇ ਸਫਲਤਾਪੂਰਵਕ ਪੂਰੀ ਕੀਤੀ ਜਾ ਸਕੇ।

ਇਸ ਮੌਕੇ ਐਸ.ਡੀ.ਐਮ ਕਨੂ ਗਰਗ, ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਨਜੀਤ ਕੌਰ ਹਾਜ਼ਰ ਸਨ ।




