ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਜੰਡਿਆਲਾ ਵਿਖੇ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
58.98 ਲੱਖ ਦੀ ਲਾਗਤ ਨਾਲ ਪਾਈਪ ਲਾਈਨ ਵਿਛਾ ਕੇ 47 ਕਿਸਾਨ ਪਰਿਵਾਰਾਂ ਨੂੰ ਮਿਲੇਗਾ ਲਾਭ

ਅੰਮ੍ਰਿਤਸਰ, 24 ਅਪ੍ਰੈਲ ( ਸੂਤਰ )

ਕੈਬਿਨਟ ਮੰਤਰੀ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਸ੍ਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਹਲਕਾ ਜੰਡਿਆਲਾ ਵਿੱਚ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਪਿੰਡ ਡੇਰੀਵਾਲ ਵਿਖੇ ਭੂਮੀ ਅਤੇ ਜਲ ਸੰਭਾਲ ਵਿਭਾਗ, ਪੰਜਾਬ ਦੇ ਮੇਗਾ ਪ੍ਰੋਜੈਕਟ ਨੰਬਰ 83341/ਐਲ ਅਧੀਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ।


ਇਸ ਮੌਕੇ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ 58.98 ਲੱਖ ਰੁਪਏ ਦੀ ਲਾਗਤ ਨਾਲ 4828 ਮੀਟਰ ਲੰਬੀ ਪਾਈਪ ਲਾਈਨ ਵਿਛਾਈ ਜਾਵੇਗੀ, ਜਿਸ ਨਾਲ 47 ਕਿਸਾਨ ਪਰਿਵਾਰਾਂ ਨੂੰ ਸਿੱਧਾ ਲਾਭ ਮਿਲੇਗਾ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ 125.60 ਹੈਕਟਰ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਉਪਲਬਧ ਹੋਵੇਗਾ। ਇਸ ਨਾਲ ਜਿੱਥੇ ਭੂਗਰਭ ਪਾਣੀ ਦੀ ਬਚਤ ਹੋਵੇਗੀ, ਉੱਥੇ ਕਿਸਾਨਾਂ ਦੇ ਖਰਚ ਵਿੱਚ ਵੀ ਕਮੀ ਆਵੇਗੀ ਅਤੇ ਆਮਦਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਭੂਮੀ ਅਤੇ ਜਲ ਸੰਭਾਲ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਖੇਤਰ ਵਿੱਚ ਜ਼ਮੀਨਾਂ ਦੀ ਉਪਜਾਊ ਸ਼ਕਤੀ ਨੂੰ ਵੀ ਵਧਾਏਗਾ।

ਇਸ ਮੌਕੇ ਸ੍ਰੀ ਅਮਰੀਕ ਸਿੰਘ, ਚੇਅਰਮੈਨ ਬਲਾਕ ਸੰਮਤੀ, ਸ੍ਰੀ ਪਰਮਿੰਦਰ ਸਿੰਘ, ਸਰਪੰਚ ਪਿੰਡ ਡੇਰੀਵਾਲ ਅਤੇ ਹੋਰ ਪਿੰਡ ਵਾਸੀਆਂ ਨੇ ਮੰਤਰੀ ਜੀ ਦਾ ਧੰਨਵਾਦ ਕੀਤਾ।

ਇਸ ਸਮਾਗਮ ਵਿੱਚ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮੰਡਲ ਭੂਮੀ ਰੱਖਿਆ ਅਫਸਰ ਅੰਮ੍ਰਿਤਸਰ ਸ੍ਰੀ ਹਰਪ੍ਰੀਤ ਸਿੰਘ ਬਾਠ ਇਓ, ਉਪ ਮੰਡਲ ਭੂਮੀ ਰੱਖਿਆ ਅਫਸਰ ਸ੍ਰੀ ਰਾਹੁਲ ਦੀਪ ਸਿੰਘ, ਭੂਮੀ ਰੱਖਿਆ ਅਫਸਰ ਸ੍ਰੀ ਲਖਬੀਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।




