Uncategorized

ਜ਼ਿਲ੍ਹਾ ਪ੍ਰਧਾਨ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਮਾਲੇਰਕੋਟਲਾ ਕਾਂਗਰਸ ਪਾਰਟੀ ਦੇ ਮੈਂਬਰਾ, ਸਮਰਥਕਾਂ ਨੇ ਵਿਧਾਇਕ ਦੇ ਦਫਤਰ ਅੱਗੇ ਝਾੜੂ ਤੀਲਾ ਤੀਲਾ ਕਰਕੇ ਵਖੇਰਿਆ

ਮਾਲੇਰਕੋਟਲਾ 06 ਜੂਨ ( ਸੂਤਰ


ਹੁਸ਼ਿਆਰਪੁਰ ਦੇ ਟਾਂਡਾ ਵਿਚ ਇਕ ਕਾਂਗਰਸੀ ਕੌਂਸਲਰ ਦੀ ਜਿੱਤ ਤੋਂ ਖਫਾ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸੀ ਕੌਂਸਲਰ ਉਪਰ ‘ਝਾੜੂ ਦੀ ਬੇਅਦਬੀ’ ਦਾ ਦੋਸ਼ ਲਾ ਕੇ ਥਾਣੇ ਵਿਚ ਬੰਦ ਕਰਨ ਖਿਲਾਫ ਜ਼ਿਲ੍ਹਾ ਮਾਲੇਰਕੋਟਲਾ ਦੇ ਵੱਡੀ ਗਿਣਤੀ ਕਾਂਗਰਸੀਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਰੋਸ਼ ਮੁਜ਼ਾਹਰਾ ਕਰਕੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦੇ ਦਫਤਰ ਅੱਗੇ ਝਾੜੂ ਤੀਲਾ ਤੀਲਾ ਕਰਕੇ ਖਿੰਡਾਏ ਗਏ।

ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਜ਼ਿਲ੍ਹਾ ਪ੍ਰਧਾਨ ਨਿਸ਼ਾਤ ਅਖਤਰ ਦੀ ਅਗਵਾਈ ਸਰਕਾਰੀ ਕਾਲਜ ਚੌਕ ਵਿਚ ਇਕੱਠੇ ਹੋਏ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਖਿਲਾਫ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ।ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖਤਰ ਨੇ ਟਾਂਡਾ ਵਿਚ ‘ਝਾੜੂ ਦੀ ਬੇਅਦਬੀ’ ਵਰਗੇ ਦੋਸ਼ਾਂ ਤਹਿਤ ਕਾਂਗਰਸੀ ਆਗੂਆਂ ਖਿਲਾਫ ਪੁਲਿਸ ਕੇਸ ਦਰਜ ਕਰਨ, ਪਟਿਆਲਾ ’ਚ ਰੋਜ਼ਗਾਰ ਮੰਗਦੇ ਲਾਇਨਮੈਨਾਂ ਅਤੇ ਸੁਨਾਮ ਵਿਚ ਸੇਵਾ ਕੇਂਦਰ ਕਾਮਿਆਂ ਉਪਰ ਅੰਨ੍ਹਾ ਪੁਲਿਸ ਤਸੱਦਦ ਕਰਨ ਸਮੇਤ ਨੀਟ ਵਰਗੇ ਵਕਾਰੀ ਇਮਤਿਹਾਨ ਦੇ ਪੇਪਰ ਲੀਕ ਮਾਮਲਿਆਂ ਨੂੰ ਲੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਤੇ ਕੇਂਦਰੀ ਮੋਦੀ ਸਰਕਾਰ ਉਪਰ ਜੋਰਦਾਰ ਸ਼ਬਦੀ ਹਮਲੇ ਕੀਤੇ।

ਉਨ੍ਹਾਂ ਭਗਵੰਤ ਮਾਨ ਸਰਕਾਰ ਉਪਰ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਨੇ ਟਾਂਡਾ ਵਿਚ ਨਗਰ ਕੌਂਸਲ ਦੀ ਚੋਣ ਜਿੱਤੇ ਇਕ ਕਾਂਗਰਸੀ ਕੌਂਸਲਰ ਉਪਰ ਝਾੜੂ ਦੀ ਬੇਅਦਬੀ ਵਰਗੇ ਹਾਸੋਹੀਣੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਦੋ ਦਿਨ ਹਵਾਲਾਤ ਵਿਚ ਬੰਦ ਰੱਖਿਆ ਗਿਆ। ਬੀਬਾ ਨਿਸ਼ਾਤ ਨੇ ਕਿਹਾ ਕਿ ਝਾੜੂ ਦੀ ਬੇਅਦਬੀ ਦੇ ਦੋਸ਼ ਲਾ ਕੇ ਕਾਂਗਰਸੀ ਆਗੂਆਂ ਨੂੰ ਸੀਖਾਂ ਪਿੱਛੇ ਬੰਦ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਪਵਿੱਤਰ ਕੁਰਾਨ ਦੀ ਬੇਅਦਬੀ ਕਰਨ ਵਾਲੇ ਆਪਣੇ ਵਿਧਾਇਕ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜੋਰ ਲਾਉਂਦੀ ਰਹੀ ਹੈ ਅਤੇ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਕੁਰਾਨ ਦੀ ਬੇਅਦਬੀ ਕਰਨ ਵਾਲੇ ਆਪ ਵਿਧਾਇਕ ਨਰੇਸ਼ ਯਾਦਵ ਦੀ ਕਨੂੰਨੀ ਪੈਰਵਾਈ ਕਰਦੇ ਰਹੇ ਅਤੇ ਦਿਨ ਰਾਤ ਉਸ ਦੀ ਟਹਿਲ ਸੇਵਾ ਵਿਚ ਜੁੱਟੇ ਰਹੇ।

ਬੀਬਾ ਨਿਸ਼ਾਤ ਨੇ ਪਟਿਆਲੇ ਵਿਚ ਲਾਇਨਮੈਨਾਂ ਉਪਰ ਅਤੇ ਸੁਨਾਮ ਵਿਚ ਸੇਵਾ ਕੇਂਦਰ ਮੁਲਾਜ਼ਮਾਂ ਉਪਰ ਪੁਲਿਸ ਤਸੱਦਦ ਦੀ ਘੋਰ ਨਿੰਦਾ ਕਰਦਿਆਂ ਕਿਹਾ ਕਿ ਲੋਕ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਇਸ ਤਸੱਦਦ ਦਾ ਠੋਕਵਾਂ ਜਵਾਬ ਦੇਣਗੇ। ਨੀਟ ਵਰਗੇ ਵਕਾਰੀ ਇਮਤਿਹਾਨ ਦੇ ਪੇਪਰ ਲੀਕ ਕਰਨ ਲਈ ਕੇਂਦਰੀ ਮੋਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਬੀਬਾ ਨਿਸ਼ਾਤ ਨੇ ਕਿਹਾ ਕਿ ਇਹ ਦਿਨ ਰਾਤ ਇਕ ਕਰਕੇ ਪੜ੍ਹਾਈ ਕਰਨ ਵਾਲੇ ਹੋਣਹਾਰ ਨੌਜਵਾਨਾਂ ਦੇ ਭਵਿੱਖ ਨਾਲ ਧਰੋਹ ਹੈ ਅਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਅਹੁੱਦੇ ਤੋਂ ਤੁਰੰਤ ਲਾਂਭੇ ਕਰ ਦਿੱਤਾ ਜਾਣਾ ਚਾਹੀਦਾ ਹੈ।

ਕਾਂਗਰਸੀਆਂ ਦੇ ਵਿਸ਼ਾਲ ਕਾਫਲੇ ਨੇ ਵਿਧਾਇਕ ਡਾ ਜਮੀਲ ਉਰ ਰਹਿਮਾਨ ਦੇ ਦਫਤਰ ਅੱਗੇ ਪਹੁੰਚ ਕੇ ਹੱਥਾਂ ਵਿਚ ਚੁੱਕੇ ਝਾੜੂ ਤੀਲਾ ਤੀਲਾ ਖੰਡਾਉਂਦਿਆਂ ਆਮ ਆਦਮੀ ਪਾਰਟੀ ਖਿਲ਼ਾਫ ਜਬਰਦਸਤ ਨਾਅਰੇਬਾਜੀ ਕੀਤੀ। ਇਸ ਮੌਕੇ ਓਵਰਸ਼ੀਜ ਕਾਂਗਰਸ ਦੇ ਪ੍ਰਧਾਨ ਕਮਲ ਧਾਲੀਵਾਲ, ਅਨਵਾਰ ਮਹਿਬੂਬ, ਅਮਨਦੀਪ ਖੰਗੂੜਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਭੂਦਨ, ਮੁਹੰਮਦ ਜਾਵੇਦ, ਬੀਬੀ ਰਜ਼ੀਆ, ਇਕਬਾਲ ਲਾਲੀ, ਮੁਹੰਮਦ ਨਜ਼ੀਰ, ਫ਼ਾਰੂਕ ਅੰਸਾਰੀ {ਸਾਰੇ ਕੌਂਸਲਰ},ਮਹਿਮੂਦ ਰਾਣਾ, ਸਾਬਕਾ ਕੌਂਸਲਰ ਅਬਦੁੱਲ ਸਤਾਰ ਕਾਲਾ ਅਤੇ ਮਾਸਟਰ ਮੇਲਾ ਸਿੰਘ, ਯਾਸੀਨ ਘੁੱਗੀ ਪ੍ਰਧਾਨ, ਪੀ ਏ ਮੁਹੰਮਦ ਤਾਰਿਕ,ਫਰਹਾਨ ਅਲੀ , ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ,ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!