ਜਿਲ੍ਹਾ ਪੱਧਰ ‘ਤੇ ਵਿਸ਼ਵ ਟੀ.ਬੀ ਦਿਵਸ ਮਨਾਇਆ, ਟੀ.ਬੀ ਮੁਕਤ ਸਮਾਜ ਲਈ ਜਾਗਰੂਕਤਾ ‘ਤੇ ਜ਼ੋਰ
ਨਰਸਿੰਗ ਵਿਦਿਆਰਥੀਆਂ ਵੱਲੋਂ ਨਾਟਕ ਅਤੇ ਕਵਿਤਾਵਾਂ ਰਾਹੀਂ ਦਿੱਤਾ ਜਾਗਰੂਕਤਾ ਸੰਦੇਸ਼

ਮਾਲੇਰਕੋਟਲਾ, 24 ਮਾਰਚ ( ਵਾਸ਼ਿਸ਼ਟ )

ਟੀ.ਬੀ ਮੁਕਤ ਭਾਰਤ ਅਭਿਆਨ ਤਹਿਤ ਸਿਵਲ ਸਰਜਨ ਡਾ. ਪਰਦੀਪ ਕੁਮਾਰ ਦੀ ਅਗਵਾਈ ਹੇਠ ਦਫਤਰ ਸਿਵਲ ਸਰਜਨ, ਮਾਲੇਰਕੋਟਲਾ ਵਿਖੇ ਜ਼ਿਲ੍ਹਾ ਪੱਧਰ ‘ਤੇ ਵਿਸ਼ਵ ਟੀ.ਬੀ ਦਿਵਸ ਮਨਾਇਆ ਗਿਆ। ਇਸ ਮੌਕੇ ਨਰਸਿੰਗ ਵਿਦਿਆਰਥੀਆਂ ਵੱਲੋਂ ਟੀ.ਬੀ ਸੰਬੰਧੀ ਜਾਗਰੂਕਤਾ ਲਈ ਨਾਟਕ ਪੇਸ਼ ਕੀਤਾ ਗਿਆ ਅਤੇ ਕਵਿਤਾਵਾਂ ਰਾਹੀਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਅ ਅਤੇ ਸਮੇਂ ਸਿਰ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਸਿਵਲ ਸਰਜਨ ਡਾ. ਪਰਦੀਪ ਕੁਮਾਰ ਅਤੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ ਨੇ ਕਿਹਾ ਕਿ ਟੀ.ਬੀ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ, ਜਿਸ ਨਾਲ ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ।

ਜਿਲ੍ਹਾ ਐਪੀਡੀਮੋਲੋਜਿਸਟ ਡਾ. ਮੁਨੀਰ ਮੁਹੰਮਦ ਨੇ ਕਿਹਾ ਕਿ ਟੀ.ਬੀ ਦੇ ਖਾਤਮੇ ਲਈ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਬਹੁਤ ਅਹਿਮ ਹੈ। ਉਨ੍ਹਾਂ ਦੱਸਿਆ ਕਿ ਨਿਕਸ਼ੇ ਮਿੱਤਰ ਸਕੀਮ ਤਹਿਤ ਕਈ ਐਨਜੀਓ ਵੱਲੋਂ ਟੀ.ਬੀ ਮਰੀਜ਼ਾਂ ਨੂੰ ਖੁਰਾਕ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਹੋਰ ਸੰਸਥਾਵਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।ਐਸ.ਐਮ.ਓ ਮਾਲੇਰਕੋਟਲਾ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਹਸਪਤਾਲ ਵੱਲੋਂ ਟੀ.ਬੀ ਦੀ ਰੋਕਥਾਮ ਅਤੇ ਇਲਾਜ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਇਹ ਯਤਨ ਜਾਰੀ ਰਹਿਣਗੇ।

ਸਮਾਗਮ ਦੌਰਾਨ ਜ਼ਿਲ੍ਹਾ ਟੀ.ਬੀ ਅਫਸਰ ਡਾ. ਅਬੀ ਗਰਗ ਨੂੰ ਉਨ੍ਹਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਟੀ.ਬੀ ਨਿਯੰਤਰਣ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਡਾ. ਕਰਨੈਲ ਸਿੰਘ, ਡਾ. ਪ੍ਰਭਲੀਨ ਕੌਰ, ਰਾਜੇਸ਼ ਰਿਖੀ ਪੰਜਗਰਾਈਆਂ, ਡਾ. ਸ਼ਹਿਨਾਜ਼ (ਸੀ.ਐਚ.ਓ ਸਾਦਤਪੁਰ), ਸਿਮਰਨਜੀਤ ਕੌਰ (ਸੀ.ਐਚ.ਓ ਚੌਂਦਾ), ਪ੍ਰਵੀਨ ਖਾਤੂਨ (ਐਲ.ਟੀ), ਕੁਲਦੀਪ ਸਿੰਘ (ਐਸ.ਟੀ.ਐਸ), ਅਮਰਜੀਤ ਕੌਰ (ਐਲ.ਟੀ ਅਹਿਮਦਗੜ੍ਹ), ਹਰਜੀਤ ਕੌਰ (ਐਲ.ਟੀ ਮਾਲੇਰਕੋਟਲਾ), ਲਵਪ੍ਰੀਤ ਸ਼ਰਮਾ, ਭਾਰਤ ਵਿਕਾਸ ਪ੍ਰੀਸ਼ਦ, ਅਸ਼ੋਕ ਸਿੰਗਲਾ, ਵਿਜੈ ਕਾਂਸਲ, ਸੁਰੇਸ਼ ਜੈਨ, ਮੈਡਮ ਆਮਨਾ, ਰਜਨੀ ਕੌਰ ਅਤੇ ਸੁਖਮਿੰਦਰ ਕੌਰ ਨੂੰ ਪ੍ਰਸ਼ੰਸਾ ਪੱਤਰ ਅਤੇ ਸਨਮਾਨ ਚਿੰਨ ਦੇ ਕੇ ਨਵਾਜਿਆ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।




