Uncategorized

ਪਟਿਆਲਾ ਦੇ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਟ੍ਰੈਫਿਕ ਪ੍ਰਬੰਧਨ ਸੁਧਾਰਨ ਦੀ ਯੋਜਨਾ – ਡਿਪਟੀ ਕਮਿਸ਼ਨਰ

ਕਿਹਾ, ਪੁਲਿਸ ਅਤੇ ਪ੍ਰਸ਼ਾਸਨ ਮਿਲ ਕੇ ਸੜਕ ਸੁਰੱਖਿਆ ਮਜ਼ਬੂਤ ਕਰਨਗੇ

ਪਟਿਆਲਾ, 5 ਮਾਰਚ ( ਸੂਤਰ )

ਪਟਿਆਲਾ ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਸੁਧਾਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਇੱਕ ਸਮੀਖਿਆ ਮੀਟਿੰਗ ਕੀਤੀ ਗਈ। ਓਹਨਾ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ। ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਆ ਰਹੀਆਂ ਟ੍ਰੈਫਿਕ ਸਮੱਸਿਆਵਾਂ ਅਤੇ ਹਾਦਸਿਆਂ ਵਾਲੇ ਅਤੇ ਬਲੈਕ ਸਪੋਟਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਮੀਟਿੰਗ ਵਿੱਚ ਖਾਸ ਤੌਰ ‘ਤੇ ਖੰਡਾ ਚੌਂਕ, ਪੁਰਾਣਾ ਬੱਸ ਸਟੈਂਡ ਅਤੇ ਨਵਾਂ ਬੱਸ ਸਟੈਂਡ ਦੇ ਇਲਾਕਿਆਂ ਵਿੱਚ ਟ੍ਰੈਫਿਕ ਦੀ ਭੀੜ ਅਤੇ ਸੁਰੱਖਿਆ ਸੰਬੰਧੀ ਮੁੱਦਿਆਂ ‘ਤੇ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਰਾਜਪੁਰਾ ਵਿੱਚ ਟ੍ਰੈਫਿਕ ਪ੍ਰਬੰਧਨ, ਪੰਜਾਬੀ ਯੂਨੀਵਰਸਿਟੀ ਦੇ ਬਾਹਰ ਟ੍ਰੈਫਿਕ ਦੀ ਸਮੱਸਿਆ, ਨਾਭਾ ਵਿੱਚ ਟ੍ਰੈਫਿਕ ਸਥਿਤੀ ਅਤੇ ਸ਼ਹਿਰ ਦੇ ਹੋਰ ਭੀੜ ਵਾਲੇ ਇਲਾਕਿਆਂ ਜਿਵੇਂ ਗੁੜ ਮੰਡੀ, ਪੁਰਾਣਾ ਬੱਸ ਸਟੈਂਡ, ਕੋਹਲੀ ਸਵੀਟਸ ਅਤੇ ਮੋਦੀ ਕਾਲਜ ਚੌਂਕ ਆਦਿ ਬਾਰੇ ਵੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ।

ਮੀਟਿੰਗ ਦੌਰਾਨ ਸੇਫ ਸਕੂਲ ਵਾਹਨ ਸਕੀਮ ਅਤੇ ਸੜਕ ਸੁਰੱਖਿਆ ਮਿੱਤਰਾ ਸਕੀਮ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਬਾਰੇ ਵੀ ਵਿਚਾਰ ਕੀਤਾ ਗਿਆ ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਆ ਅਤੇ ਸੜਕਾਂ ‘ਤੇ ਜਾਗਰੂਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਨੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਬਲੈਕ ਸਪੋਟਾਂ ਦੀ ਪਛਾਣ ਕਰਕੇ ਉੱਥੇ ਜਲਦੀ ਤੋਂ ਜਲਦੀ ਸੁਧਾਰਾਤਮਕ ਕਦਮ ਚੁੱਕੇ ਜਾਣ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ ਤਾਂ ਜੋ ਹਾਦਸਿਆਂ ਨੂੰ ਘਟਾਇਆ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਯਾਤਰਾ ਦਾ ਮਾਹੌਲ ਮਿਲ ਸਕੇ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੜਕ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਪੁਲਿਸ, ਟ੍ਰੈਫਿਕ ਵਿਭਾਗ ਅਤੇ ਹੋਰ ਸੰਬੰਧਤ ਏਜੰਸੀਆਂ ਮਿਲਜੁਲ ਕੇ ਕੰਮ ਕਰਨ।

ਇਸ ਮੌਕੇ ਐਸ ਡੀ ਐਮ ਹਰਜੋਤ ਕੌਰ, ਆਰ ਟੀ ਓ ਪੂਨਮਦੀਪ ਕੌਰ, ਇੰਜ: ਪਿਯੂਸ਼ ਅਗਰਵਾਲ , ਇੰਜ: ਵਿਸ਼ਾਲ ਧਵਨ , ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!