ਸਪੀਕਰ ਸ. ਸੰਧਵਾਂ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫਲਤਾ ਲਈ ਕੀਤੀ ਮੀਟਿੰਗ
ਸਮਾਜ ਦੇ ਸਾਂਝੇ ਯਤਨਾਂ ਨਾਲ ਨਸ਼ੇ ਨੂੰ ਖਤਮ ਕੀਤਾ ਜਾ ਸਕਦਾ ਹੈ- ਸਪੀਕਰ ਸੰਧਵਾਂ

ਕੋਟਕਪੂਰਾ 10 ਫਰਵਰੀ ( ਸੂਤਰ ) ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਲਏ ਅਹਿਦ ਨੂੰ ਪੂਰਾ ਕਰਨ ਲਈ ਸ. ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਸਪੀਕਰ ਨੇ ਨਗਰ ਕੌਂਸਲ, ਕੋਟਕਪੂਰਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸਫਲਤਾ ਲਈ ਮੀਟਿੰਗ ਕੀਤੀ ।

ਮੀਟਿੰਗ ਦੌਰਾਨ ਸ. ਕੁਲਤਾਰ ਸਿੰਘ ਸੰਧਵਾਂ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਤੇ ਭਵਿੱਖੀ ਰਣਨੀਤੀ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਯੁੱਧ ਨਸ਼ਿਆਂ ਵਿਰੁੱਧ 2.0 ਤਹਿਤ ਕਿੱਲੀ ਚਾਹਲਾਂ, ਮੋਗਾ ਵਿਖੇ 16 ਫ਼ਰਵਰੀ ਨੂੰ ਹੋਣ ਵਾਲੀ ਪਿੰਡਾਂ ਦੇ ਪਹਿਰੇਦਾਰ ਮੈਗਾ ਮੀਟਿੰਗ ਸਬੰਧੀ ਵੀ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ।

ਸ. ਕੁਲਤਾਰ ਸਿੰਘ ਸੰਧਵਾਂ ਨੇ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਗਾ ਮੀਟਿੰਗ ’ਚ ਵਧ ਚੜ੍ਹ ਕੇ ਸ਼ਾਮਲ ਹੋਣ ਤਾਂ ਜੋ ਸੂਬੇ ਨੂੰ ਨਸ਼ਾਮੁਕਤ ਕਰਨ ਦੇ ਟੀਚੇ ਨੂੰ ਸਾਕਾਰ ਕੀਤਾ ਜਾ ਸਕੇ। ਉਨਾਂ ਨੇ ਯੁੱਧ ਨਸ਼ਿਆਂ ਵਿਰੁੱਧ 2.0 ਮੋਬਾਈਲ ਐਪ ਦੀ ਸੁਚੱਜੀ ਤੇ ਪ੍ਰਭਾਵਸ਼ਾਲੀ ਵਰਤੋਂ ਤੇ ਜ਼ੋਰ ਦਿੱਤਾ। ਇਹ ਐਪ ਨਸ਼ਾ ਵਿਰੋਧੀ ਸਰਗਰਮੀਆਂ ਨੂੰ ਰੋਕਣ ਤੇ ਨਸ਼ਾ ਤਸਕਰਾਂ ਦੀ ਪੁਖ਼ਤਾ ਜਾਣਕਾਰੀ ਸਾਂਝੀ ਕਰਨ ’ਚ ਅਹਿਮ ਭੂਮਿਕਾ ਨਿਭਾ ਰਹੀ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੰਗੀ ਪੱਧਰ ਤੇ ਜਾਰੀ ਹੈ ਜਿਸ ਦੇ ਵਧੀਆ ਸਿੱਟੇ ਸਾਹਮਣੇ ਆ ਰਹੇ ਹਨ। ਉਨ੍ਹਾਂ ਫਰੀਦਕੋਟ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ ਤੇ ਜਿਲ੍ਹੇ ਦੀਆਂ ਪੇਂਡੂ ਰੱਖਿਆ ਕਮੇਟੀਆਂ, ਵਾਰਡ ਰੱਖਿਆ ਕਮੇਟੀਆਂ ਦੀ ਪ੍ਰਸ਼ੰਸ਼ਾ ਕੀਤੀ, ਜਿੰਨਾ ਨੇ ਇਸ ਮੁਹਿੰਮ ਵਿੱਚ ਉਸਾਰੂ ਰੋਲ ਅਦਾ ਕਰਕੇ ਨਸ਼ਿਆਂ ਦੇ ਖਾਤਮੇ ਵੱਲ ਕਦਮ ਚੁੱਕਿਆ ਹੈ,

ਜਿਸ ਤਹਿਤ ਵੱਡੀ ਪੱਧਰ ਤੇ ਗ੍ਰਿਫਤਾਰੀਆਂ, ਨਸ਼ਿਆਂ ਦੀ ਰਿਕਵਰੀ, ਨਸ਼ਾ ਤਸਕਰਾਂ ਦੇ ਘਰ ਢਾਹੁਣ ਵਰਗੀਆਂ ਕਾਰਵਾਈਆਂ ਤੋਂ ਇਲਾਵਾ ਨਸ਼ਿਆਂ ਦੇ ਸ਼ਿਕਾਰ ਲੋਕਾਂ ਦੇ ਪੁਨਰਵਾਸ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚੋਂ ਨਸ਼ਾ ਸਾਂਝੇ ਯਤਨਾਂ ਨਾਲ ਖਤਮ ਕੀਤਾ ਜਾ ਸਕਦਾ ਹੈ । ਉਨ੍ਹਾਂ ਨਿਰਦੇਸ਼ ਦਿੱਤੇ ਕਿ ਪਿੰਡ ਅਤੇ ਵਾਰਡ ਪੱਧਰ ਤੱਕ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕੀਤਾ ਜਾਵੇ।

ਇਸ ਮੌਕੇ ਐਸ.ਡੀ.ਐਮ ਕੋਟਕਪੂਰਾ ਸ੍ਰੀ ਸੂਰਜ ਕੁਮਾਰ, ਸ੍ਰੀ ਅੰਮ੍ਰਿਤ ਲਾਲ ਈ.ਓ ਕੋਟਕਪੂਰਾ , ਐਡਵੋਕੇਟ ਬੀਰਿੰਦਰ ਸਿੰਘ, ਮਨਪ੍ਰੀਤ ਸਿੰਘ ਧਾਲੀਵਾਲ , ਅਮਨਦੀਪ ਸਿੰਘ ਬਾਬਾ ਚੇਅਰਮੈਨ, ਸਿਮਰਨ ਸਿੰਘ ਐਮ.ਸੀ ਕੋਟਕਪੂਰਾ, ਹਰਦੀਪ ਸਿੰਘ, ਗੈਰੀ ਵੜਿੰਗ ਤੋਂ ਇਲਾਵਾ ਗੁਰਭੇਜ ਸਿੰਘ ਬਰਾੜ ਜਿਲਾ ਕੋਆਰਡੀਨੇਟਰ, ਗੁਰਸੇਵਕ ਸਿੰਘ, ਸੁਖਦੀਪ ਸਿੰਘ ਗਿੱਲ ਰਣਜੀਤ ਸਿੰਘ ਰਾਣਾ,ਬੋਹੜ ਸਿੰਘ ਹਰਵਿੰਦਰ ਸਿੰਘ ਬਰਾੜ,ਤਰਸੇਮ ਸਿੰਘ ਸੋਮਾ, ਜਗਦੀਪ ਸਿੰਘ ਸਿਰਸੜੀ ਅਕਾਸਦੀਪ ਸਿੰਘ ਹਰੀ ਨੌ, ਸਰਪੰਚ ਗੁਰਮੇਲ ਸਿੰਘ,ਗੁਰਨੈਬ ਸਿੰਘ,ਸ਼ਰਨਜੀਤ ਸਿੰਘ,ਸਰਵਜੀਤ ਸਿੰਘ,ਪਰਮਦੀਪ ਸਿੰਘ, ,ਸੇਵਕ ਸਿੰਘ ਧੂੜਕੋਟ, ਜਗਦੇਵ ਸਿੰਘ ਮਚਾਕੀ ਮੱਲ ਸਿੰਘ, ਹਰਜਿੰਦਰ ਸਿੰਘ, ਜਗਤਾਰ ਸਿੰਘ ਨੰਗਲ, ਅਮਨਪ੍ਰੀਤ ਸਿੰਘ, ਪਰਨਾਮ ਸਿੰਘ ਦੇਵੀਵਾਲਾ,ਚਮਕੌਰ ਸਿੰਘ ਸਰਪੰਚ ਹਰੀਏਵਾਲਾ, ਕਸ਼ਮੀਰ ਸਿੰਘ ਲੱਕੀ, ਸਰਬਜੀਤ ਸਿੰਘ ਸੰਘਾ, , ਮਹਿੰਦਰਪਾਲ ਸ਼ਰਮਾ, ਪ੍ਰਗਟ ਸਿੰਘ ਸਿੱਖਾਂਵਾਲਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।




