Uncategorized

ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੰਡਸਟਰੀ ਨੂੰ ਸਾਜਗਾਰ ਮਾਹੌਲ ਦੇਣ ਲਈ ਲਗਾਤਾਰ ਯਤਨ – ਵਿਰਾਜ ਐਸ. ਤਿੜਕੇ

ਪੀ.ਐਸ.ਟੀ.ਸੀ. ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੀਟਿੰਗ, ਵਪਾਰੀਆਂ ਦੀਆਂ ਸਮੱਸਿਆਵਾਂ ਦੇ ਜਲਦ ਨਿਪਟਾਰੇ ਦਾ ਭਰੋਸਾ

ਮਾਲੇਰਕੋਟਲਾ, 13 ਅਪ੍ਰੈਲ ( ਵਾਸ਼ਿਸ਼ਟ )


ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਅਤੇ ਕਾਰੋਬਾਰ ਲਈ ਸਾਜਗਾਰ ਮਾਹੌਲ ਤਿਆਰ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਸੰਦਰਭ ਵਿੱਚ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਪ੍ਰਤੀਨਿਧੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਆਜ਼ਮ ਦਾਰਾ, ਚੇਅਰਮੈਨ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਇਮਿਤਿਆਜ਼ ਅਲੀ, ਚੇਅਰਮੈਨ ਵਿਧਾਨ ਸਭਾ ਹਲਕਾ ਅਮਰਗੜ੍ਹ ਅਸ਼ਵਨੀ ਕੁਮਾਰ, ਐਸ.ਡੀ.ਐਮ ਮਾਲੇਰਕੋਟਲਾ ਕਨੂ ਗਰਗ, ਐਸ.ਡੀ.ਐਮ ਅਮਰਗੜ੍ਹ ਹਰਬੰਸ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਦੇ ਸਮੇਂ-ਸਿਰ ਨਿਪਟਾਰੇ ਲਈ ਸਬੰਧਤ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਵਪਾਰਕ ਗਤੀਵਿਧੀਆਂ ਨੂੰ ਸੁਚਾਰੂ ਬਣਾਉਣਾ ਅਤੇ ਵਪਾਰੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਾਥਮਿਕਤਾ ਹੈ।

ਉਨ੍ਹਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਕਮਰਸ਼ੀਅਲ ਇਲਾਕਿਆਂ ਅਤੇ ਬਾਜ਼ਾਰਾਂ ਵਿੱਚ ਪੈਟਰੋਲਿੰਗ ਵਧਾਈ ਜਾਵੇ ਤਾਂ ਜੋ ਵਪਾਰੀਆਂ ਨੂੰ ਸੁਰੱਖਿਅਤ ਮਾਹੌਲ ਮਿਲ ਸਕੇ। ਇਸ ਤੋਂ ਇਲਾਵਾ ਟਰੈਫਿਕ ਸੰਬੰਧੀ ਸਮੱਸਿਆਵਾਂ ਦੇ ਹੱਲ ਲਈ ਅਹਿਮਦਗੜ੍ਹ, ਅਮਰਗੜ੍ਹ ਅਤੇ ਮਾਲੇਰਕੋਟਲਾ ਸ਼ਹਿਰ ਲਈ ਵਿਸ਼ੇਸ਼ ਟਰੈਫਿਕ ਯੋਜਨਾ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ।

ਚੇਅਰਮੈਨ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਆਜ਼ਮ ਦਾਰਾ ਨੇ ਦੱਸਿਆ ਕਿ ਟਰੇਡਰਜ਼ ਕਮਿਸ਼ਨ ਦੇ ਪ੍ਰਤੀਨਿਧੀਆਂ ਵੱਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਜਾ ਕੇ ਵਪਾਰੀਆਂ ਨਾਲ ਸਿੱਧਾ ਸੰਪਰਕ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਇਕੱਠਾ ਕਰਕੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਨੇ ਬਾਜ਼ਾਰਾਂ ਵਿੱਚ ਪਖਾਨਿਆਂ ਅਤੇ ਬਜਾਰਾਂ ਦੀ ਸਾਫ ਸਫਾਈ, ਪਾਰਕਿੰਗ ਅਤੇ ਸਟ੍ਰੀਟ ਲਾਈਟਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਦੇ ਤੁਰੰਤ ਸੁਧਾਰ ਦੀ ਲੋੜ ‘ਤੇ ਜ਼ੋਰ ਦਿੱਤਾ।

ਡਿਪਟੀ ਕਮਿਸ਼ਨਰ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਣ, ਕਿਉਂਕਿ ਪੰਜਾਬ ਸਰਕਾਰ ਵੱਲੋਂ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਗਏ ਹਨ।ਉਨ੍ਹਾਂ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਪਾਰ ਅਤੇ ਉਦਯੋਗ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰਦਾ ਰਹੇਗਾ ਅਤੇ ਵਪਾਰੀਆਂ ਦੀਆਂ ਵਾਜਿਬ ਸਮੱਸਿਆਵਾਂ ਦਾ ਨਿਪਟਾਰਾ ਤਰਜੀਹ ਦੇ ਅਧਾਰ ‘ਤੇ ਕੀਤਾ ਜਾਵੇਗਾ।

ਇਸ ਮੌਕੇ ਡੀ.ਡੀ.ਪੀ.ਓ ਰੂਪ ਸਿੰਘ, ਐਕਸ਼ੀਅਨ ਪੀ.ਐਸ.ਪੀ.ਸੀ.ਐਲ ਇੰਜੀ ਹਰਵਿੰਦਰ ਸਿੰਘ, ਜ਼ਿਲਾ ਮੰਡੀ ਅਫਸਰ ਜਸਪਾਲ ਸਿੰਘ, ਲੇਬਰ ਇੰਸਪੈਕਟਰ ਗੁਰਪ੍ਰੀਤ ਸਿੰਘ,ਏ.ਐਮ.ਈ ਇੰਜ. ਨਰਿੰਦਰ ਕੁਮਾਰ,ਈ.ਟੀ.ਓ ਨਛੱਤਰ ਸਿੰਘ, ਇੰਸਪੈਕਟਰ ਦਵਿੰਦਰ ਸਿੰਘ, ਆਬਕਾਰੀ ਇੰਸਪੈਕਟਰ ਅਜੇ ਕੁਮਾਰ ਮਿੱਤਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected !!