ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਨੂੰ ਖੇਡ-ਖੇਡ ਵਿੱਚ ਅੰਕਾਂ ਦੀ ਪਛਾਣ, ਗਿਣਤੀ ਅਤੇ ਆਕਾਰਾਂ ਬਾਰੇ ਦਿੱਤੀ ਗਈ ਸਿਖਲਾਈ

ਬਰਨਾਲਾ, 11 ਅਪ੍ਰੈਲ ( ਸੂਤਰ )

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਬਰਨਾਲਾ ਸ੍ਰੀਮਤੀ ਰਤਿੰਦਰ ਪਾਲ ਕੌਰ ਧਾਰੀਵਾਲ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਆਂਗਣਵਾੜੀ ਕੇਂਦਰਾਂ ਵਿੱਚ ਮਹੀਨਾਵਾਰ ‘ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ (ECCE) ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮਹੀਨੇ ਦਾ ਵਿਸ਼ੇਸ਼ ਥੀਮ “ਸੰਖਿਆਤਮਕ ਵਿਕਾਸ” ਰੱਖਿਆ ਗਿਆ, ਜਿਸ ਤਹਿਤ 0 ਤੋਂ 6 ਸਾਲ ਤੱਕ ਦੇ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਕਈ ਸਿੱਖਣਯੋਗ ਗਤੀਵਿਧੀਆਂ ਉਲੀਕੀਆਂ ਗਈਆਂ।

ਇਸ ਸਬੰਧੀ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰਤਿੰਦਰ ਪਾਲ ਕੌਰ ਧਾਰੀਵਾਲ ਨੇ ਦੱਸਿਆ ਕਿ ਈ.ਸੀ.ਸੀ.ਈ. ਦਿਵਸ ਦਾ ਮੁੱਖ ਮਕਸਦ ਬੱਚਿਆਂ ਵਿੱਚ ਸ਼ੁਰੂਆਤੀ ਸਿੱਖਣ ਦੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਵਿੱਚ ਗਣਿਤੀ ਸੋਚ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਖੇਡ-ਗਤੀਵਿਧੀਆਂ ਨਾਲ ਬੱਚਿਆਂ ਦੀ ਤਰਕਸ਼ੀਲ ਸਮਰੱਥਾ ਮਜ਼ਬੂਤ ਹੁੰਦੀ ਹੈ ਅਤੇ ਉਨ੍ਹਾਂ ਵਿੱਚ ਪੜ੍ਹਾਈ ਪ੍ਰਤੀ ਉਤਸ਼ਾਹ ਵਧਦਾ ਹੈ।

ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਬੱਚਿਆਂ ਨੂੰ ਅੰਕਾਂ ਦੀ ਪਛਾਣ, ਗਿਣਤੀ, ਛੋਟਾ-ਵੱਡਾ, ਘੱਟ-ਵੱਧ ਅਤੇ ਵੱਖ-ਵੱਖ ਆਕਾਰਾਂ ਬਾਰੇ ਬੜੇ ਹੀ ਦਿਲਚਸਪ ਤਰੀਕੇ ਨਾਲ ਸਮਝਾਇਆ ਗਿਆ। ਬੱਚਿਆਂ ਨੂੰ ਸਿਖਾਉਣ ਲਈ ਰੰਗਦਾਰ ਚਾਰਟ, ਨੰਬਰ ਕਾਰਡ, ਗਿਣਤੀ ਵਾਲੇ ਖਿਡੌਣੇ ਅਤੇ ਸਥਾਨਕ ਸਮੱਗਰੀ ਦੀ ਵਰਤੋਂ ਕੀਤੀ ਗਈ, ਜਿਸ ਵਿੱਚ ਬੱਚਿਆਂ ਨੇ ਪੂਰੀ ਰੁਚੀ ਨਾਲ ਭਾਗ ਲਿਆ।

ਸਮਾਗਮ ਦੇ ਅਖੀਰ ਵਿੱਚ ਕੇਂਦਰਾਂ ਵਿੱਚ ਬੱਚਿਆਂ ਦੀ ਸ਼ਾਨਦਾਰ ਭਾਗੀਦਾਰੀ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਮੌਕੇ ਉਨ੍ਹਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰ ਵਿੱਚ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਵਸਤੂਆਂ ਜਿਵੇਂ ਕਿ ਦਾਣੇ, ਫਲ, ਖਿਡੌਣੇ, ਚਮਚ ਅਤੇ ਹੋਰ ਸਮਾਨ ਰਾਹੀਂ ਬੱਚਿਆਂ ਨੂੰ ਗਿਣਤੀ ਸਿਖਾਉਣ। ਅਜਿਹਾ ਕਰਨ ਨਾਲ ਬੱਚਿਆਂ ਦਾ ਬੌਧਿਕ ਵਿਕਾਸ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕਦਾ ਹੈ।




